ਵਿਨੋਦ ਗੋਇਲ/ਮਾਨਸਾ: ਮਾਨਸਾ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਕੋਆਪਰੇਟਿਵ ਬੈਂਕ ਵੱਲੋਂ ਸੋਸਾਇਟੀ ਮੈਂਬਰਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਵਾਰਸਾਂ ਦੇ ਬੈਂਕ ਖਾਤੇ ਨਾ ਖੋਲਣ, ਨਵੀਆਂ ਚੈੱਕ ਬੁੱਕਾਂ ਨਾ ਦੇਣ ਖਿਲਾਫ ਬੈਂਕ ਦੇ ਬਾਹਰ ਧਰਨਾ ਲਗਾਕੇ ਪ੍ਰਦਰਸ਼ਨ ਕੀਤਾ। ਜਦੋਂ ਕਿ ਬੈਂਕ ਮੈਨੇਜਰ ਨੇ ਕਿਹਾ ਕਿ ਬੈਂਕ ਕੋਲ ਫ਼ੰਡ ਦੀ ਕਮੀ ਹੋਣ ਕਾਰਨ ਨਵੇਂ ਖਾਤੇ ਨਹੀਂ ਖੋਲ੍ਹੇ ਜਾ ਸਕਦੇ ਅਤੇ ਅਸੀਂ ਡੈਥ ਕੇਸ ਵਾਲੇ ਕਿਸਾਨਾਂ ਦੇ ਖਾਤੇ ਖੋਲ ਰਹੇ ਹਾਂ।


COMMERCIAL BREAK
SCROLL TO CONTINUE READING

 


ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬੀ. ਕੇ. ਯੂ. ਸਿੱਧੁਪੁਰ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ, ਮੀਤ ਪ੍ਰਧਾਨ ਜਗਦੇਵ ਸਿੰਘ ਅਤੇ ਜਨਰਲ ਸਕੱਤਰ ਮੱਖਣ ਸਿੰਘ ਨੇ ਕਿਹਾ ਕਿ ਅੱਜ ਸੰਕੇਤਕ ਤੌਰ ਤੇ ਕੋਆਪਰੇਟਿਵ ਬੈਂਕ ਦਾ ਘਿਰਾਓ ਕੀਤਾ ਗਿਆ ਹੈ। ਕਿਉਂਕਿ ਇਸ ਬੈਂਕ ਵੱਲੋਂ ਕਿਸਾਨਾਂ ਦੇ ਨਵੇਂ ਹੱਦ ਕਰਜ਼ੇ ਨਹੀਂ ਬਣਾਏ ਜਾ ਰਹੇ ਅਤੇ ਜਿਨ੍ਹਾਂ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਵਾਰਸਾਂ ਦੇ ਨਾਮ ਉਪਰ ਖਾਤੇ ਸ਼ਿਫਟ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਕਿਸਾਨਾਂ ਦੀ ਗੱਲ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ ਅਤੇ ਇਹ ਸਮੱਸਿਆ ਕਈ ਪਿੰਡਾਂ ਵਿਚ ਸਾਹਮਣੇ ਆ ਰਹੇ ਹਨ, ਜਿਸ ਕਰਕੇ ਧਰਨਾ ਅੱਜ ਸੰਕੇਤਕ ਤੌਰ 'ਤੇ ਧਰਨਾ ਦਿੱਤਾ ਗਿਆ ਹੈ ਅਤੇ ਜੇਕਰ ਇਸ ਮਾਮਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਬੈਂਕ ਦੇ ਜ਼ਿਲ੍ਹਾ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ।


 


ਉਧਰ ਬੈਂਕ ਦੇ ਮੈਨੇਜਰ ਮਨਜੀਤ ਸਿੰਘ ਨੇ ਕਿਹਾ ਕਿ ਬੈਂਕ ਕੋਲ ਨਵੇਂ ਖਾਤੇ ਖੋਲ੍ਹਣ ਲਈ ਫ਼ੰਡ ਨਹੀਂ ਹਨ ਕਿਉਂਕਿ ਬੈਂਕ ਦੀ ਲਿਮਿਟ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੈਥ ਕੇਸ ਵਾਲੇ ਖਾਤੇ ਬੈਂਕ ਵੱਲੋਂ ਖੋਲ੍ਹੇ ਜਾ ਰਹੇ ਹਨ ਤੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਬੈਂਕ ਨੂੰ ਫ਼ੰਡ ਜਾਰੀ ਹੋਣ ਤੋਂ ਬਾਦ ਹੀ ਨਵੇਂ ਖ਼ਾਤੇ ਖੋਲ੍ਹੇ ਜਾਣਗੇ।