Batala News: ਕਿਸਾਨਾਂ ਨੇ ਟਰੈਵਲ ਏਜੰਟ ਦੇ ਘਰ ਦੇ ਬਾਹਰ ਲਗਾਇਆ ਧਰਨਾ; ਨੌਜਵਾਨ ਨੂੰ ਆਸਟ੍ਰੇਲੀਆ ਦੀ ਬਜਾਏ ਚੇਨੱਈ ਭੇਜਿਆ
Batala News: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੀਤ ਸਿੰਘ ਖੋਖਰ ਦੀ ਅਗਵਾਈ ਵਿੱਚ ਪਿੰਡ ਟਰਪੱਲਾ ਵਿੱਚ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
Batala News: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੀਤ ਸਿੰਘ ਖੋਖਰ ਦੀ ਅਗਵਾਈ ਵਿੱਚ ਪਿੰਡ ਟਰਪੱਲਾ ਵਿੱਚ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਦਰਅਸਲ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਦਲਜੀਤ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਏਜੰਟ ਨੂੰ ਪੈਸੇ ਦਿੱਤੇ ਗਏ ਸਨ। ਧਰਨੇ ਦੌਰਾਨ ਏਜੰਟ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਪਹੁੰਚ ਕੇ ਦੋਹਾਂ ਪਾਰਟੀਆਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਟਰਪੱਲਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦਾ ਬੇਟਾ ਸੰਦੀਪ ਸਿੰਘ ਜੋ ਕਿ ਆਈਲੈਟਸ ਦਾ ਕੋਰਸ ਕਰਵਾਉਂਦਾ ਸੀ। ਉਸ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਆਸਟ੍ਰੇਲੀਆ ਭੇਜਣ ਲਈ 2014 ਵਿੱਚ ਉਕਤ ਪਿਓ ਪੁੱਤਰਾਂ ਵੱਲੋਂ 8 ਲੱਖ ਰੁਪਏ ਲਏ ਸਨ ਪਰ ਉਸ ਨੂੰ ਆਸਟ੍ਰੇਲੀਆ ਭੇਜਣ ਦੀ ਬਜਾਏ ਚੇਨੱਈ ਭੇਜ ਦਿੱਤਾ ਗਿਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ ਕਿ ਬਾਕੀ 8 ਲੱਖ ਰੁਪਏ ਹੋਰ ਦੋਵੇ ਤਾਂ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ।
ਉਨ੍ਹਾਂ ਨੇ 4 ਲੱਖ ਰੁਪਏ ਇਨ੍ਹਾਂ ਦੇ ਅਕਾਊਂਟ ਵਿੱਚ ਪਾ ਦਿੱਤੇ ਤੇ ਬਾਕੀ ਇਨ੍ਹਾਂ ਨੂੰ 4 ਲੱਖ ਰੁਪਏ ਹੱਥ ਦਸਤੀ ਦਿੱਤੇ ਗਏ ਪਰ ਇਨ੍ਹਾਂ ਵੱਲੋਂ ਅੱਜ ਤੱਕ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਪਹਿਲਾਂ ਇਨ੍ਹਾਂ ਵੱਲੋਂ 4 ਲੱਖ ਰੁਪਏ ਦੇ ਕਰੀਬ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਪਰ ਬਾਕੀ ਦੇ 12 ਲੱਖ ਰੁਪਏ ਹਾਲੇ ਤੱਕ ਵਾਪਸ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਦੀ ਮਦਦ ਦੇ ਨਾਲ ਇਨ੍ਹਾਂ ਦੇ ਘਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।
ਉਧਰ ਇਸ ਸਬੰਧੀ ਏਜੰਟ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਵਿਦੇਸ਼ ਭੇਜਣ ਨੂੰ ਲੈ ਕੇ ਉਸ ਦੇ ਬੇਟੇ ਨਾਲ ਗੱਲਬਾਤ ਹੋਈ ਸੀ ਪਰ ਉਨ੍ਹਾਂ ਦੇ ਬੇਟੇ ਵੱਲੋਂ ਇਨ੍ਹਾਂ ਨੂੰ ਪੈਸੇ ਵਾਪਸ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਧਰਨੇ ਨੂੰ ਲੈ ਕੇ ਉਸ ਵੱਲੋਂ ਪੁਲਿਸ ਚੌਂਕੀ ਮਾਲੇਵਾਲ ਵਿੱਚ ਦਰਖਾਸਤ ਵੀ ਦਿੱਤੀ ਗਈ ਹੈ।
ਉਧਰ ਮੌਕੇ ਉਤੇ ਪਹੁੰਚੇ ਸੰਬੰਧਿਤ ਪੁਲਿਸ ਚੌਂਕੀ ਮਾਲੇਵਾਲ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਵੱਲੋਂ ਪੁਲਿਸ ਚੌਂਕੀ ਮਾਲੇਵਾਲ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੌਕੇ ਉਤੇ ਆ ਕੇ ਦੋਹਾਂ ਧਿਰਾਂ ਨਾ ਗੱਲਬਾਤ ਕੀਤੀ ਗਈ ਹੈ ਕਿ ਆਪੋ ਆਪਣੇ ਸਬੂਤ ਲੈ ਕੇ ਸਾਡੇ ਕੋਲ ਆਵੋ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।