ਵਿਨੋਦ ਗੋਇਲ/ਮਾਨਸਾ: ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਲਈ ਸਕੀਮ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਕਿਸਾਨਾਂ ਵੱਲੋਂ ਸਾਲ 2017 ਵਿਚ ਬਣਦੀ ਸਕਿਉਰਿਟੀ ਵੀ ਭਰ ਦਿੱਤੀ ਗਈ ਸੀ ਪਰ ਕਈ ਸਾਲ ਬੀਤਣ ਦੇ ਬਾਵਜੂਦ ਵੀ ਕਿਸਾਨ ਮੋਟਰ ਕੁਨੈਕਸ਼ਨ ਲੈਣ ਲਈ ਸਰਕਾਰੇ ਦਰਬਾਰੇ ਚੱਕਰ ਕੱਟਣ ਲਈ ਮਜਬੂਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੋਟਰ ਕੁਨੈਕਸ਼ਨ ਨਾ ਮਿਲਣ 'ਤੇ ਡੀਜ਼ਲ ਮਹਿੰਗਾ ਹੋਣ ਕਾਰਨ ਉਨ੍ਹਾਂ ਦੀਆਂ ਫਸਲਾਂ ਪਾਣੀ ਤੋਂ ਬਿਨਾਂ ਬੰਜਰ ਹੋ ਰਹੀਆਂ ਹਨ। ਜਦੋਂਕਿ ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਸਾਲ 2018 ਤੋਂ ਇਹ ਸਕੀਮ ਬੰਦ ਹੋ ਚੁੱਕੀ ਹੈ।


COMMERCIAL BREAK
SCROLL TO CONTINUE READING

 


ਸਾਲ 2017 ਤੋਂ ਮੋਟਰ ਕਨੈਕਸ਼ਨ ਦੀ ਉਡੀਕ ਕਰ ਰਹੇ ਕਿਸਾਨ ਬੂਟਾ ਸਿੰਘ, ਹਰਜੀਤ ਸਿੰਘ ਅਤੇ ਕੇਵਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਹੀਰੇਵਾਲਾ ਵਿੱਚ ਢਾਈ ਏਕੜ ਵਾਲੇ ਕਰੀਬ 50 ਕਿਸਾਨ ਹਨ, ਜਿਨ੍ਹਾਂ ਵੱਲੋਂ ਪਾਵਰਕਾਮ ਦਫ਼ਤਰ ਵਿੱਚ ਮੋਟਰ ਕਨੈਕਸ਼ਨ ਲੈਣ ਲਈ ਸਕਿਓਰਿਟੀ ਭਰੀ ਹੋਈ ਹੈ, ਜਿਸ ਦੀਆਂ ਰਸੀਦਾਂ ਵੀ ਸਾਡੇ ਕੋਲ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਢਾਈ ਏਕੜ ਜਮੀਨ ਵਾਲੇ ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਮੋਟਰ ਕੁਨੈਕਸ਼ਨ ਲਈ ਅਪਲਾਈ ਕੀਤਾ ਹੋਇਆ ਹੈ, ਪਰ ਮੋਟਰ ਕੁਨੈਕਸ਼ਨ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਤੋਂ ਬਿਨਾਂ ਬੰਜਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡੀਜਲ ਮਹਿੰਗਾ ਹੋਣ ਕਾਰਨ ਸਾਡੇ ਲਈ ਖੇਤੀ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਪਾਣੀ ਦੀ ਕਮੀ ਕਾਰਨ ਨਰਮੇ ਦੀ ਫਸਲ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਾਂ, ਪਰ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਮਿਲ ਰਿਹਾ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਤੁਰੰਤ ਢਾਈ ਏਕੜ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਵੇ ਤਾਂ ਕਿ ਕਿਸਾਨ ਆਪਣੀਆਂ ਫਸਲਾਂ ਬਚਾ ਸਕਣ।


 


ਕਿਸਾਨਾਂ ਦੀ ਇਸ ਸਮੱਸਿਆ ਬਾਰੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2018 ਤੋਂ ਬਾਦ ਇਹ ਸਕੀਮ ਬੰਦ ਹੋ ਗਈ ਹੈ। ਪਾਵਰਕਾਮ ਦੇ ਐਕਸੀਅਨ ਸਾਹਿਲ ਗੁਪਤਾ ਨੇ ਦੱਸਿਆ ਕਿ ਢਾਈ ਏਕੜ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਲਈ ਚਲਾਈ ਸਕੀਮ ਦੇ ਨਵੇਂ ਡਿਮਾਂਡ ਨੋਟਿਸ ਕੱਟਣ ਤੇ ਸਾਲ 2018 ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਜਿਨ੍ਹਾਂ ਕਿਸਾਨਾਂ ਦੇ ਡਿਮਾਂਡ ਨੋਟਿਸ ਪਹਿਲਾਂ ਕੱਟੇ ਗਏ ਸਨ, ਓਹਨਾ ਨੂੰ ਕੁਨੈਕਸ਼ਨ ਜਾਰੀ ਹੋ ਚੁੱਕੇ ਹਨ ਅਤੇ ਜੇਕਰ ਪਹਿਲਾਂ ਕੱਟੇ ਗਏ ਡਿਮਾਂਡ ਨੋਟਿਸ ਵਾਲਾ ਕੋਈ ਕਿਸਾਨ ਰਹਿੰਦਾ ਹੈ ਤਾਂ ਉਹ ਕੁਨੈਕਸ਼ਨ ਲੈ ਸਕਦਾ ਹੈ।


 


WATCH LIVE TV