ਆਖਿਰਕਾਰ ਤਕਰਾਰ ਵਿਚਾਲੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਇਜਲਾਸ ਦੀ ਮਿਲੀ ਮਨਜ਼ੂਰੀ, 27 ਸਤੰਬਰ ਨੂੰ ਹੋਵੇਗਾ ਸੈਸ਼ਨ
ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਲੰਮੀ ਚੱਲੀ ਤਕਰਾਰ ਤੋਂ ਬਾਅਦ ਆਖਿਰਕਾਰ ਸਰਕਾਰ ਨੂੰ ਸੈਸ਼ਨ ਕਰਨ ਦੀ ਇਜਾਜ਼ਤ ਮਿਲ ਹੀ ਗਈ। 27 ਸਤੰਬਰ ਨੂੰ ਸਵੇਰੇ 11 ਵਜੇ ਸੈਸ਼ਨ ਸ਼ੁਰੂ ਹੋਵੇਗਾ।
ਚੰਡੀਗੜ੍ਹ- ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਲੰਮੀ ਚੱਲੀ ਤਕਰਾਰ ਤੋਂ ਬਾਅਦ ਆਖਿਰਕਾਰ ਸਰਕਾਰ ਨੂੰ ਸੈਸ਼ਨ ਕਰਨ ਦੀ ਇਜਾਜ਼ਤ ਮਿਲ ਹੀ ਗਈ। 27 ਸਤੰਬਰ ਨੂੰ ਸਵੇਰੇ 11 ਵਜੇ ਸੈਸ਼ਨ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਸਤੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਕਿਹਾ ਗਿਆ ਸੀ ਜਿਸ ਨੂੰ ਰਾਜਪਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਵੀ ਸ਼ੁਰੂ ਹੋ ਗਈ ਸੀ।
ਪਹਿਲਾ ਕੀ ਕੁਝ ਵਾਪਰਿਆ
ਦਰਅਸਲ ਓਪਰੇਸ਼ਨ ਲੋਟਸ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਸਤੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਜਿਸ ਨੂੰ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਰੋਸਗੀ ਮਤਾ ਪਾਸ ਕੀਤਾ ਜਾਣਾ ਸੀ। ਪਰ ਰਾਜਪਾਲ ਵੱਲੋਂ ਇਸ ਸੈਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਰਾਜਪਾਲ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ ਤੇ ਇਸ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ ਗਿਆ ਸੀ। ਫੈਸਲੇ ਦੇ ਵਿਰੋਧੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਸ਼ਾਤੀ ਮਾਰਚ ਵੀ ਕੱਢਿਆ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਬਾਰਾ 27 ਸਤੰਬਰ ਨੂੰ ਬਿਜਲੀ ਤੇ ਪਰਾਲੀ ਤੇ ਮੁੱਦੇ ਤੇ ਸੈਸ਼ਨ ਬੁਲਾਉਣ ਬਾਰੇ ਕਿਹਾ ਗਿਆ ਸੀ।
ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਦੁਬਾਰਾ ਸੈਸ਼ਨ ਬੁਲਾਉਣ ਦੀ ਤਜਵੀਜ਼ ਰਾਜਪਾਲ ਦੀ ਪ੍ਰਵਾਨਗੀ ਲਈ ਰਾਜ ਭਵਨ ਭੇਜੀ ਗਈ ਸੀ। ਜਿਸ ਤੋਂ ਬਾਅਦ ਰਾਜ ਭਵਨ ਵੱਲੋਂ ਸਕੱਤਰ ਵਿਧਾਨ ਸਭਾ ਨੂੰ ਇਸ ਸੈਸ਼ਨ ਸਬੰਧੀ ਪੂਰਾ ਵੇਰਵਾ ਦੇਣ ਦੀ ਜਾਣਕਾਰੀ ਮੰਗੀ ਗਈ ਸੀ। ਰਾਜਪਾਲ ਵੱਲੋਂ ਇਹ ਦੇਖਿਆ ਜਾਣਾ ਸੀ ਕਿ ਪਹਿਲਾ ਤੋਂ ਵਿਸ਼ਵਾਸ਼ ਮਤੇ ਲਈ ਰੱਦ ਕੀਤੇ ਗਏ ਸੈਸ਼ਨ ਦੀ ਕਾਰਾਵਾਈ ਇਸ ਸੈਸ਼ਨ ਦੇ ਵੇਰਵੇ ਵਿੱਚ ਸ਼ਾਮਲ ਤਾਂ ਨਹੀਂ ਕੀਤੀ ਗਈ।
ਰਾਜ ਭਵਨ ਤੋਂ ਸੈਸ਼ਨ ਦਾ ਵੇਰਵਾ ਮੰਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਤੀਕਿਰਿਆ ਸਾਹਮਣੇ ਆਈ ਸੀ। ਭਗਵੰਤ ਮਾਨ ਦਾ ਗੁੱਸਾ ਉਨ੍ਹਾਂ ਦੇ ਟਵੀਟ ਰਾਹ ਝਲਕ ਰਿਹਾ ਸੀ। ਉਨ੍ਹਾਂ ਕਿਹਾ ਸੀ ਕਿ 75 ਸਾਲਾਂ ਵਿੱਚ, ਕਿਸੇ ਵੀ ਪ੍ਰਧਾਨ/ਸਰਕਾਰ ਨੇ ਸੈਸ਼ਨ ਬੁਲਾਉਣ ਤੋਂ ਪਹਿਲਾਂ ਕਦੇ ਵੀ ਵਿਧਾਨਕ ਕਾਰੋਬਾਰ ਦੀ ਸੂਚੀ ਨਹੀਂ ਪੁੱਛੀ। ਇਹ ਬਹੁਤ ਜ਼ਿਆਦਾ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਵੱਲੋਂ ਵੀ ਮੁੱਖ ਮੰਤਰੀ ਨੂੰ ਉਸ ਦੇ ਫਰਜ਼ (ਕਰਤੱਵ) ਯਾਦ ਕਰਵਾਏ ਗਏ। ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਮੀਡੀਆ ਵਿੱਚ ਤੁਹਾਡੇ ਬਿਆਨਾਂ ਤੋਂ ਨਾਰਾਜ਼ਗੀ ਝਲਕ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸੰਵਿਧਾਨ ਦੀ ਧਾਰਾ 167-168 ਪੜ੍ਹਨ ਦੀ ਸਲਾਹ ਦਿੱਤੀ ਸੀ।
ਪਰ ਆਖਿਰਕਾਰ ਇਸ ਸਾਰੇ ਵਿਵਾਦ ਵਿਚਾਲੇ ਰੇੜਕਾ ਖਤਮ ਹੋ ਗਿਆ ਤੇ ਹੁਣ 27 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਸੈਸ਼ਨ ਕਰਨ ਦੀ ਇਜਾਜਤ ਦੇ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸੰਧਵਾ ਨੇ ਵੀ ਟਵੀਟ ਰਾਹੀ ਸਂਝੀ ਕੀਤੀ।
WATCH LIVE TV