ਰਾਹੁਲ ਗਾਂਧੀ ਖ਼ਿਲਾਫ਼ ਭਾਰਤ ਜੋੜੋ ਯਾਤਰਾ ਦੌਰਾਨ ਫ਼ਿਲਮ ਦਾ ਗਾਣਾ ਚਲਾਉਣ `ਤੇ ਕੇਸ ਹੋਇਆ ਦਰਜ
Rahul Gandhi News: ਆਪਣੇ ਭਾਸ਼ਣਾਂ ਕਰਕੇ ਸੁਰਖੀਆਂ `ਚ ਰਹਿਣ ਵਾਲੇ ਕਾਂਗਰਸ ਲੀਡਰ ਰਾਹੁਲ ਗਾਂਧੀ ਦੇ ਖ਼ਿਲਾਫ਼ `ਭਾਰਤ ਜੋੜੋ ਯਾਤਰਾ` ਦੌਰਾਨ ਫ਼ਿਲਮ KGF 2 ਦਾ ਗਾਣਾ ਚਲਾਉਣ `ਤੇ ਕੇਸ ਹੋਇਆ ਦਰਜ।
Rahul Gandhi Bharat Jodo Yatra news: ਕਾਂਗਰਸ ਲੀਡਰ ਰਾਹੁਲ ਗਾਂਧੀ, ਜਿਹੜੇ ਕਿ ਸੋਸ਼ਲ ਮੀਡੀਆ 'ਤੇ ਆਪਣੇ ਭਾਸ਼ਣ ਲਈ ਕਈ ਵਾਰ ਟ੍ਰੋਲ ਕੀਤੇ ਜਾਂਦੇ ਹਨ, ਇੱਕ ਵਾਰ ਫ਼ਿਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਹਨ। ਰਾਹੁਲ ਗਾਂਧੀ ਖ਼ਿਲਾਫ਼ ਭਾਰਤ ਜੋੜੋ ਯਾਤਰਾ ਦੌਰਾਨ ਯਸ਼ ਦੀ ਫ਼ਿਲਮ KGF 2 ਦਾ ਗਾਣਾ ਚਲਾਉਣ 'ਤੇ ਇੱਕ FIR ਦਰਜ ਕੀਤੀ ਗਈ ਹੈ। ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਈ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਕਿ ਭਾਰਤ ਜੋੜੋ ਯਾਤਰਾ ਦੌਰਾਨ ਯਸ਼ ਦੀ ਫ਼ਿਲਮ KGF 2 ਦਾ ਗਾਣਾ ਚਲਾਉਣ ਦਾ ਤੁਕ ਕੀ ਸੀ।
ਦੱਸ ਦਈਏ ਕਿ ਇੱਕ ਮਿਊਜ਼ਿਕ ਕੰਪਨੀ MRT ਵੱਲੋਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਸੁਪ੍ਰਿਆ ਸ਼੍ਰੀਨੇਤ ਅਤੇ ਜੈਰਾਮ ਰਮੇਸ਼ ਦੇ ਖ਼ਿਲਾਫ਼ ਕਾਪੀਰਾਈਟ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ 'ਭਾਰਤ ਜੋੜੋ ਯਾਤਰਾ' ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਫਿਲਮ 'KGF 2' ਦਾ ਗਾਣਾ ਚਲਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਇਹ ਸਾਉਂਡਟ੍ਰੈਕ ਬਿਨਾਂ ਇਜਾਜ਼ਤ ਤੋਂ ਵਰਤਿਆ ਗਿਆ ਹੈ।
ਇਹ ਸ਼ਿਕਾਇਤ 'KGF 2' ਦੇ ਹਿੰਦੀ ਸੰਸਕਰਣ ਦੇ ਅਧਿਕਾਰ ਵਾਲੀ ਮਿਊਜ਼ਿਕ ਕੰਪਨੀ MRT ਵੱਲੋਂ ਦਰਜ ਕਰਵਾਈ ਗਈ ਹੈ। ਬੈਂਗਲੁਰੂ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਹਿੰਦੀ 'ਚ 'KGF 2' ਦੇ ਸਾਊਂਡਟਰੈਕ ਦੇ ਅਧਿਕਾਰ ਹਾਸਲ ਕਰਨ ਲਈ ਵੱਡੀ ਰਕਮ ਦਾ ਨਿਵੇਸ਼ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ 'ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ' ਇਸ ਗਾਣੇ ਦੀ ਵਰਤੋਂ ਕੀਤੀ ਸੀ।
MRT ਮਿਊਜ਼ਿਕ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਸੰਪਤ ਨੇ ਕਿਹਾ ਕਿ ਕਾਪੀਰਾਈਟ ਦੀ ਉਲੰਘਣਾ ਕਰਨ ਲਈ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਸੁਪ੍ਰੀਆ ਸ਼੍ਰੀਨੇਤ ਅਤੇ ਜੈਰਾਮ ਰਮੇਸ਼ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ।
ਦੱਸ ਦਈਏ ਕਿ ਤੇਲੰਗਾਨਾ ਰਾਜ ਤੋਂ ਸ਼ੁਰੂ ਹੋਈ ਕਾਂਗਰਸ ਲੀਡਰ Rahul Gandhi ਦੀ ਅਗਵਾਈ 'ਚ 'Bharat Jodo Yatra' 7 ਨਵੰਬਰ ਨੂੰ ਸ਼ਾਮ ਕਰੀਬ 7 ਵਜੇ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਡੇਗਲੂਰ ਪੁੱਜਣ ਵਾਲੀ ਹੈ। ਗੌਰਤਲਬ ਹੈ ਕਿ ਹਾਲ ਹੀ ਵਿੱਚ ਰਾਹੁਲ ਗਾਂਧੀ ਦੱਖਣੀ ਸੂਬੇ ਵਿੱਚ ਪਾਰਟੀ ਦੇ ਪ੍ਰਚਾਰ ਦੌਰਾਨ ਖੇਡਾਂ, ਵਪਾਰ ਅਤੇ ਮਨੋਰੰਜਨ ਖੇਤਰ ਦੀਆਂ ਸ਼ਖ਼ਸੀਅਤਾਂ ਸਣੇ ਵੱਖ-ਵੱਖ ਭਾਈਚਾਰਿਆਂ ਦੇ ਬੁੱਧੀਜੀਵੀਆਂ ਤੇ ਆਗੂਆਂ ਨੂੰ ਮਿਲਦੇ ਰਹੇ ਹਨ।