Gurdaspur News: ਸਹੁਰੇ ਵੱਲੋਂ ਜਵਾਈ ਨੂੰ ਫਸਾਉਣ ਲਈ ਔਰਤ ਦੇ ਕਤਲ ਮਾਮਲੇ `ਚ ਸਾਬਕਾ ਏਡੀਜੀਪੀ ਰਾਮ ਸਿੰਘ ਸਮੇਤ 8 ਅਧਿਕਾਰੀ ਤਲਬ
Gurdaspur News: 12 ਸਾਲ ਪਹਿਲਾਂ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਸਾਬਕਾ ਏਡੀਜੀਪੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਹੈ।
Gurdaspur News (ਅਵਤਾਰ ਸਿੰਘ): 12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰੱਸਟ ਦੀ ਸੱਤ ਨੰਬਰ ਸਕੀਮ ਵਿੱਚੋਂ ਇੱਕ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਸਾਬਕਾ ਏਡੀਜੀਪੀ ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵੱਲੋਂ ਤਲਬ ਕਰਨ ਦਾ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਾਬਿਲੇਗੌਰ ਹੈ ਕਿ ਇੱਕ ਔਰਤ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਔਰਤ ਦੇ ਪਤੀ ਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਨਾਜਾਇਜ਼ 10 ਦਿਨ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ। ਕੁਝ ਸਮੇਂ ਬਾਅਦ ਖੁਲਾਸਾ ਹੋਇਆ ਸੀ ਕਿ ਉਕਤ ਔਰਤ ਤਾਂ ਜਿਉਂਦੀ ਹੈ। ਜਵਾਈ ਨੂੰ ਫਸਾਉਣ ਲਈ ਸਹੁਰੇ ਨੇ ਕਿਸੇ ਔਰਤ ਦਾ ਕਤਲ ਦਾ ਕਰਕੇ ਉਸਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ। ਆਪਣੇ ਜਵਾਈ ਨੂੰ ਫਸਾਉਣ ਲਈ ਪੂਰੀ ਸਾਜ਼ਿਸ਼ ਘੜੀ ਸੀ।
ਦਰਅਸਲ ਪੀੜਤ ਮਨੋਜ ਕੁਮਾਰ ਦਾ ਸਹੁਰਾ ਆਪਣੇ ਜਵਾਈ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਸੀ ਜਦਕਿ ਉਸਦੀ ਧੀ ਦੇ ਦੋ ਬੱਚੇ ਵੀ ਹੋ ਚੁੱਕੇ ਸਨ। ਉਸ ਨੇ ਸਾਜ਼ਿਸ਼ ਰਚ ਕੇ ਇੱਕ ਐਚਆਈਵੀ ਪੀੜਤ ਔਰਤ ਦਾ ਕਤਲ ਕੀਤਾ ਅਤੇ ਉਸ ਨੂੰ ਆਪਣੀ ਧੀ ਦੇ ਕੱਪੜੇ ਪਹਿਨਾ ਕੇ ਆਪਣੇ ਸਿਆਸੀ ਰਸੂਖ ਸਦਕੇ ਧਰਨਾ ਲਗਾ ਕੇ ਅਤੇ ਪੁਲਿਸ ਅਧਿਕਾਰੀਆਂ ਉਤੇ ਸਿਆਸੀ ਦਬਾਅ ਪਾ ਕੇ ਮਨੋਜ ਕੁਮਾਰ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਝੂਠੇ ਦੋਸ਼ ਹੇਠ ਫਸਾ ਦਿੱਤਾ।
ਦਬਾਅ ਹੇਠ ਆਏ ਪੁਲਿਸ ਅਧਿਕਾਰੀਆਂ ਨੇ ਬਿਨਾਂ ਮਨੋਜ ਕੁਮਾਰ ਦੀ ਗ੍ਰਿਫਤਾਰੀ ਪਾਏ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਦੱਸ ਦਿਨ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਤੇ ਤਸੀਹੇ ਦਿੱਤੇ। 2017 ਵਿੱਚ ਅਦਾਲਤ ਨੇ ਝੂਠੀ ਸਾਜਿਸ਼ ਰਚਣ ਅਤੇ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ ਹੇਠ ਪੀੜਤ ਮਨੋਜ ਕੁਮਾਰ ਦੇ ਸਹੁਰੇ, ਪਤਨੀ ਅਤੇ ਸਾਲੇ ਸਮੇਤ ਕੁੱਲ ਅੱਠ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਅਦਾਲਤ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਉਤੇ ਅੱਠ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਰਾਮ ਸਿੰਘ, ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਿਲ ਹਨ ਅਤੇ ਤਤਕਾਲੀ ਐਸਐਚਓ ਯਾਦਵਿੰਦਰ ਸਿੰਘ ਦੇ ਗੈਰ ਜ਼ਮਾਨਤੀ ਵਰੰਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਪੀੜਤ ਮਨੋਜ ਕੁਮਾਰ ਦਾ ਦੋਸ਼ ਹੈ ਕਿ ਸਿਆਸੀ ਦਬਾਅ ਹੇਠ ਉੱਚ ਅਧਿਕਾਰੀਆਂ ਨੇ ਮਾਮਲੇ ਵਿੱਚ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਉਸ ਉਤੇ ਤਸ਼ੱਦਦ ਕੀਤੇ ਸੀ। ਉਹ ਮਾਮਲੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਖਿਲਾਫ ਅੰਤ ਤੱਕ ਲੜੇਗਾ।