Samrala News: ਮਾਛੀਵਾੜਾ ਪੁਲਿਸ ਵੱਲੋਂ ਮਲਕੀਤ ਸਿੰਘ ਵਾਸੀ ਕੋਟਾਲਾ ਬੇਟ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਾਹਿਲ ਸ਼ਰਮਾ ਵਾਸੀ ਮੋਰਿੰਡਾ, ਗੁਲਸ਼ਨ ਕੁਮਾਰ ਆੜ੍ਹਤੀ ਵਾਸੀ ਰਾਜਪੁਰਾ, ਕੁਲਦੀਪ ਸਿੰਘ ਸਰਪੰਚ ਪਿੰਡ ਲੱਛੜੂ, ਪਟਿਆਲਾ, ਏਜੰਟ ਟੋਨੀ ਸ਼ਰਮਾ ਪਤਾ ਨਾ-ਮਲੂਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਮਲਕੀਤ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਉਸਦਾ ਭਤੀਜਾ ਜੋਬਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਸਪੇਨ ਜਾਣਾ ਚਾਹੁੰਦੇ ਸਨ ਅਤੇ ਇਸ ਸਬੰਧੀ ਉਨ੍ਹਾਂ ਦੀ ਮੁਲਾਕਾਤ ਏਜੰਟ ਸਾਹਿਲ ਵਾਸੀ ਮੋਰਿੰਡਾ ਨਾਲ ਹੋਈ।


ਉਸ ਨੇ ਦੱਸਿਆ ਕਿ ਉਸ ਨਾਲ ਟੋਨੀ ਨਾਮ ਦਾ ਮੇਨ ਏਜੰਟ ਹੈ ਜੋ ਕਿ ਗੁਲਸ਼ਨ ਆੜ੍ਹਤੀ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲ ਕੇ ਉਹ ਸਾਰੇ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਕਤ ਵਿਅਕਤੀਆਂ ਨੇ ਵਿਦੇਸ਼ ਭੇਜਣ ਲਈ ਪ੍ਰਤੀ ਵਿਅਕਤੀ 15 ਲੱਖ ਰੁਪਏ ਤੈਅ ਕੀਤੇ। ਸ਼ਿਕਾਇਤਕਰਤਾ ਅਨੁਸਾਰ ਸਾਹਿਲ ਨੇ ਉਨ੍ਹਾਂ ਤੋਂ ਪਾਸਪੋਰਟ ਲੈ ਕੇ ਉਨ੍ਹਾਂ ਦੀ ਮੁਲਾਕਾਤ ਏਜੰਟ ਟੋਨੀ ਸ਼ਰਮਾ ਨਾਲ ਕਰਵਾਈ।


ਸਾਹਿਲ ਦੇ ਕਹਿਣ ’ਤੇ ਉਨ੍ਹਾਂ ਟੋਨੀ ਸ਼ਰਮਾ ਦੇ ਖਾਤੇ ਵਿਚ ਵਿਦੇਸ਼ ਜਾਣ ਦੇ ਇਛੁੱਕ ਜੋਬਨਪ੍ਰੀਤ ਸਿੰਘ ਵੱਲੋਂ 7.20 ਲੱਖ ਰੁਪਏ ਅਤੇ ਹਰਪ੍ਰੀਤ ਸਿੰਘ ਵਲੋਂ 9.34 ਲੱਖ ਰੁਪਏ ਪਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਸਾਡੇ ਤੋਂ 8 ਲੱਖ ਅਤੇ 5.66 ਲੱਖ ਰੁਪਏ ਨਕਦ ਮਾਛੀਵਾੜਾ ਵਿਖੇ ਇੱਕ ਆੜ੍ਹਤੀ ਦੀ ਦੁਕਾਨ ਤੋਂ ਉਕਤ ਏਜੰਟਾਂ ਨੇ ਨਕਦ ਲਏ।


ਉਕਤ ਏਜੰਟ ਉਨ੍ਹਾਂ ਨੂੰ ਵੀਜ਼ੇ ਸਬੰਧੀ ਲਾਰੇ ਲਗਾਉਂਦੇ ਰਹੇ ਅਤੇ ਫਿਰ ਟੋਨੀ ਸ਼ਰਮਾ ਨੇ ਵੀਜ਼ਾ ਤੇ ਟਿਕਟ ਮੋਬਾਈਲ ਦੇ ਵਟਸਐਪ ਰਾਹੀਂ ਭੇਜ ਦਿੱਤੀ ਅਤੇ ਕਿਹਾ ਕਿ ਉਹ ਜਲਦ ਵਿਦੇਸ਼ ਚਲੇ ਜਾਣਗੇ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਟਿਕਟ ਤੇ ਵੀਜ਼ੇ ਦੀ ਚੈੱਕ ਕਰਵਾਏ ਤਾਂ ਦੋਵੇਂ ਹੀ ਜਾਅਲੀ ਨਿਕਲੇ।


ਆਪਣੇ ਨਾਲ ਹੋਈ ਠੱਗੀ ਬਾਰੇ ਜਦੋਂ ਉਨ੍ਹਾਂ ਏਜੰਟ ਟੋਨੀ ਸ਼ਰਮਾ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਉਹ ਪੈਸੇ ਕਢਵਾਉਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਜਿਸ ’ਤੇ ਉਸਦਾ ਪਤਾ ਵੀ ਗਲਤ ਦਰਜ ਸੀ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਜਾਅਲੀ ਟਿਕਟ ਤੇ ਵੀਜ਼ਾ ਦੇ ਕੇ ਪੈਸੇ ਹੜੱਪ ਲਏ ਅਤੇ ਕਰੀਬ 30 ਲੱਖ ਰੁਪਏ ਦੀ ਠੱਗੀ ਮਾਰ ਲਈ।


ਸ਼ਿਕਾਇਤਕਰਤਾ ਮਲਕੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਜਦੋਂ ਸਾਹਿਲ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਭਰੋਸਾ ਦਿਵਾਇਆ ਕਿ ਪੈਸੇ ਤੇ ਪਾਸਪੋਰਟ ਵਾਪਸ ਕਰਵਾ ਦੇਵੇਗਾ ਜਿਸ ਸਬੰਧੀ ਉਸਨੇ ਉਨ੍ਹਾਂ ਨੂੰ ਗੁਲਸ਼ਨ ਆੜ੍ਹਤੀ ਰਾਜਪੁਰਾ ਤੇ ਕੁਲਦੀਪ ਸਿੰਘ ਸਰਪੰਚ ਨਾਲ ਮਿਲਵਾਇਆ।


ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਆੜ੍ਹਤੀ ਤੇ ਸਰਪੰਚ ਨੇ ਕਿਹਾ ਕਿ 2 ਲੱਖ ਰੁਪਏ ਦੀ ਫਿਰੌਤੀ ਦੇ ਦਿਓ, ਤੁਹਾਡੇ ਏਜੰਟ ਤੋਂ ਪੈਸੇ ਵਾਪਸ ਕਰਵਾ ਦੇਵਾਂਗੇ ਜਿਸ ’ਤੇ ਅਸੀਂ ਉਨ੍ਹਾਂ ਨੂੰ ਇਹ ਰਾਸ਼ੀ ਦੇ ਦਿੱਤੀ। 2 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਏਜੰਟ ਤੋਂ ਪੈਸੇ ਵਾਪਸ ਨਾ ਕਰਵਾਏ ਬਲਕਿ ਉਲਟਾ ਸਰਪੰਚ ਤੇ ਆੜ੍ਹਤੀ 4 ਲੱਖ ਰੁਪਏ ਹੋਰ ਮੰਗਣ ਲੱਗ ਪਏ ਤੇ ਕਿਹਾ ਕਿ ਉਹ ਤੁਹਾਨੂੰ ਠੱਗੀ ਮਾਰਨ ਵਾਲੇ ਏਜੰਟ ਟੋਨੀ ਸ਼ਰਮਾ ਦਾ ਘਰ ਦਿਖਾ ਦੇਣਗੇ।


ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟੋਨੀ ਸ਼ਰਮਾ, ਗੁਲਸ਼ਨ ਆੜ੍ਹਤੀ, ਕੁਲਦੀਪ ਸਿੰਘ ਸਰਪੰਚ ਨੇ ਗਰੁੱਪ ਬਣਾਇਆ ਹੋਇਆ ਹੈ ਜੋ ਕਿ ਮਿਲੀਭੁਗਤ ਕਰਕੇ ਲੋਕਾਂ ਤੋਂ ਪੈਸੇ ਠੱਗਦਾ ਹੈ। ਉਕਤ ਸਾਰੇ ਵਿਅਕਤੀਆਂ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ ਤੇ ਹੁਣ ਸਾਨੂੰ ਪੈਸੇ ਵਾਪਸ ਕਰਨ ਦੀ ਬਜਾਏ ਧਮਕੀਆਂ ਦੇ ਰਹੇ ਹਨ। ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਉਪਰੰਤ ਉਕਤ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।


ਇਹ ਵੀ ਪੜ੍ਹੋ : India vs Bangladesh Live Updates, World Cup 2023: ਬੰਗਲਾਦੇਸ਼ ਨੇ 18 ਓਵਰਾਂ ਪਿਛੋਂ ਇੱਕ ਵਿਕਟ ਦੇ ਨੁਕਸਾਨ 'ਤੇ 103 ਬਣਾਈਆਂ