ਗੈਂਗਸਟਰ ਦੀਪਕ ਟੀਨੂੰ ਪੁਲਿਸ ਨੂੰ ਚਕਮਾ ਦੇਣ ਹੋਇਆ ਕਾਮਯਾਬ, ਮਾਰੀ ਵਿਦੇਸ਼ ਉਡਾਰੀ!
ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਪੁਲਿਸ ਮੁਲਾਜ਼ਮ ਜਤਿੰਦਰ ਕੌਰ ਨੂੰ ਮੁੰਬਈ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ।
ਚੰਡੀਗੜ੍ਹ: ਹਫ਼ਤਾ ਪਹਿਲਾਂ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਏ ਦੀਪਕ ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੁਧਿਆਣਾ ਦੇ ਲੱਖੋਵਾਲ ਦੀ ਰਹਿਣ ਵਾਲੀ ਪੁਲਿਸ ਮੁਲਾਜ਼ਮ ਜਤਿੰਦਰ ਕੌਰ ਨੂੰ ਮੁੰਬਈ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ।
ਫ਼ਰਾਰ ਹੋਣ ਤੋਂ ਬਾਅਦ ਜਤਿੰਦਰ ਕੌਰ ਦਾ ਸਾਥ ਛੱਡਿਆ
ਐਤਵਾਰ ਨੂੰ ਮਾਨਸਾ ਦੀ ਜ਼ਿਲ੍ਹਾ ਅਦਾਲਤ ’ਚ ਜਤਿੰਦਰ ਕੌਰ ਨੇ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੂੰ ਉਸਦਾ 5 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪਰ ਇਸ ਦੌਰਾਨ ਉਸਨੇ ਗੈਂਗਸਟਰ ਦੀਪਕ ਟੀਨੂੰ (Deepak Tinu) ਬਾਰੇ ਵੱਡਾ ਖ਼ੁਲਾਸਾ ਕੀਤਾ ਹੈ, ਉਸ ਦੇ ਦੱਸਣ ਮੁਤਾਬਕ ਦੀਪਕ ਟੀਨੂੰ 3-4 ਦਿਨ ਪਹਿਲਾਂ ਨਕਲੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜ ਗਿਆ ਹੈ। ਉਸਨੇ ਕਿਹਾ ਕਿ ਫ਼ਰਾਰ ਹੋਣ ਤੋਂ ਬਾਅਦ ਹੀ ਉਹ ਆਪਣੀ ਦੂਸਰੀ ਪ੍ਰੇਮਿਕਾ (Girl friend) ਅਤੇ ਹੋਰਨਾ ਸਾਥੀਆਂ ਨਾਲ ਰਹਿਣ ਲੱਗ ਪਿਆ ਸੀ।
ਮਲੇਸ਼ੀਆ ਭੱਜਣ ਦੀ ਫ਼ਿਰਾਕ ’ਚ ਸੀ ਜਤਿੰਦਰ ਕੌਰ
ਜਤਿੰਦਰ ਕੌਰ ਦੇ ਦੱਸਣ ਮੁਤਾਬਕ ਦੀਪਕ ਲਗਾਤਾਰ ਉਸਦਾ ਫ਼ੋਨ ਇਸਤੇਮਾਲ ਕਰ ਰਿਹਾ ਸੀ। ਜਦੋਂ ਤੱਕ ਦੀਪਕ ਉਸਦੇ ਨਾਲ ਸੀ, ਉਹ ਉਸਨੂੰ ਵੀ ਆਪਣੇ ਨਾਲ ਵਿਦੇਸ਼ ਲੈ ਜਾਣ ਦੀ ਗੱਲ ਕਹਿ ਰਿਹਾ ਸੀ। ਦੀਪਕ ਨੇ 2-3 ਵਾਰ ਉਸਦੇ ਫ਼ੋਨ ’ਤੋਂ ਗੱਲਬਾਤ ਕੀਤੀ, ਜਿਸ ਕਾਰਨ ਪੁਲਿਸ ਉਸਦੀ ਲੋਕੇਸ਼ਨ ਤੱਕ ਪਹੁੰਚ ਗਈ। ਜਿਸ ਮੌਕੇ ਪੁਲਿਸ ਨੇ ਉਸਨੂੰ ਕਾਬੂ ਕੀਤਾ, ਉਹ ਮਲੇਸ਼ੀਆ ਭੱਜਣ ਦੀ ਤਿਆਰੀ ’ਚ ਸੀ।
ਗੋਇੰਦਵਾਲ ਜੇਲ੍ਹ ’ਚ ਤਿਆਰ ਹੋਈ ਫ਼ਰਾਰ ਹੋਣ ਦੀ ਯੋਜਨਾ
ਪੁਲਿਸ ਮੁਲਾਜ਼ਮ ਜਤਿੰਦਰ ਕੌਰ ਤਿੰਨ ਪਹਿਲਾਂ ਹੀ ਮਾਨਸਾ ਪਹੁੰਚ ਗਈ ਸੀ ਤੇ ਉਹ ਲਗਾਤਾਰ ਸ਼ਹਿਰ ’ਚ ਘੁੰਮਦੇ ਰਹੇ। ਉਸਦੇ ਦੱਸਣ ਮੁਤਾਬਕ ਦੀਪਕ ਟੀਨੂੰ ਨੂੰ ਗੋਇੰਦਵਾਲ ਜੇਲ੍ਹ ’ਚ ਹੁੰਦਿਆ ਹੀ ਫ਼ੋਨ ਮਿਲ ਗਿਆ ਸੀ, ਉਸੇ ਫ਼ੋਨ ਰਾਹੀਂ ਜਤਿੰਦਰ ਲਗਾਤਾਰ ਗੈਂਗਸਟਰ ਦੀਪਕ ਦੇ ਸਪੰਰਕ ’ਚ ਸੀ। ਜੇਲ੍ਹ ’ਚ ਮੌਜੂਦ ਬਾਕੀ ਗੈਂਗਸਟਰਾਂ ਨੇ ਉਸਦੇ ਭੱਜਣ ਦੀ ਵਿਊਂਤਬੰਦੀ (Planning) ਤਿਆਰ ਕੀਤੀ ਸੀ।
ਫ਼ਰਾਰ ਹੋਣ ਤੋਂ ਬਾਅਦ ਦੋਵੇਂ ਫ਼ੋਨ ਕੀਤੇ Switch off
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੈਂਗਸਟਰ ਦੀਪਕ ਨੂੰ ਇੱਕ ਹੋਰ ਫ਼ੋਨ ਉਪਲਬੱਧ ਕਰਵਾਇਆ ਗਿਆ। ਉਸਨੇ ਪੁਲਿਸ ਹਿਰਾਸਤ ’ਤੋ ਫ਼ਰਾਰ ਹੋਣ ਬਾਅਦ ਹੀ ਦੋਵੇਂ ਫ਼ੋਨ ਬੰਦ (Switch off) ਕਰ ਦਿੱਤੇ ਸਨ। ਦੀਪਕ ਦੇ ਭੱਜਣ ’ਚ ਕੈਨੇਡਾ ’ਚ ਬੈਠਾ ਗੋਲਡੀ ਬਰਾੜ ਮਦਦ ਕਰ ਰਿਹਾ ਸੀ, ਪੁਲਿਸ ਹੁਣ ਦੀਪਕ ਟੀਨੂੰ ਦੀ ਦੂਸਰੀ ਪ੍ਰੇਮਿਕਾ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।