ਗੈਂਗਸਟਰ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਨੇ ਪੁਲਿਸ ਨੂੰ ਪਾਇਆ ਸ਼ਸ਼ੋਪੰਜ ’ਚ
ਮੂਸੇਵਾਲਾ ਕਤਲ ਕਾਂਡ ’ਚ ਆਏ ਦਿਨ ਨਵੇਂ ਖੁਲਾਸੇ ਹੁੰਦੇ ਰਹਿੰਦੇ ਹਨ। ਹੁਣ ਗੋਲਡੀ ਬਰਾੜ ਵਲੋਂ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਪਾ ਮੂਸੇਵਾਲਾ ਦੇ ਕਾਤਲਾਂ ਦੀ ਗਿਣਤੀ 8 ਦੱਸੀ ਹੈ, ਜਦਕਿ ਪੰਜਾਬ ਪੁਲਿਸ ਨੇ ਇਸ ਕਤਲ ਕਾਂਡ ’ਚ 6 ਗੈਂਗਸਟਰਾਂ ਦੇ ਹੋਣ ਦਾ ਦਾਅਵਾ ਕੀਤਾ ਸੀ।
ਚੰਡੀਗੜ੍ਹ: ਮੂਸੇਵਾਲਾ ਦੇ ਕਤਲ ਕਾਂਡ ’ਚ ਨਵਾਂ ਖ਼ੁਲਾਸਾ ਹੋਇਆ ਹੈ, ਪੰਜਾਬ ਪੁਲਿਸ ਵਲੋਂ ਮੂਸੇਵਾਲਾ ਦੇ ਕਾਤਲਾਂ ਦੀ ਗਿਣਤੀ 6 ਦੱਸੀ ਜਾ ਰਹੀ ਸੀ। ਪਰ ਹੁਣ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨਾਲ ਕਤਲ ਕੇਸ ਨੂੰ ਸੁਲਝਾਉਣ ’ਚ ਲੱਗੀ ਜਾਂਚ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ’ਚ 6 ਨਹੀਂ ਬਲਕਿ 8 ਸ਼ੂਟਰ ਸ਼ਾਮਲ ਸਨ।
ਰੂਪਾ ਅਤੇ ਮਨੂ ਦੇ ਇੰਨਕਾਊਂਟਰ ਤੋਂ ਬਾਅਦ ਗੋਲਡੀ ਨੇ ਪਾਈ ਪੋਸਟ
ਅਸਲ ’ਚ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ’ਚ 6 ਸ਼ਾਰਪਸ਼ੂਟਰਾਂ ਦੀ ਪਹਿਚਾਣ ਕੀਤੀ, ਜੋ ਕਤਲ ’ਚ ਸ਼ਾਮਲ 2 ਮਡਿਊਲ ਦਾ ਹਿੱਸਾ ਸਨ। ਇਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦਾਅਵਾ ਕਰ ਰਹੀ ਸੀ ਕਿ ਕਤਲ ਦੌਰਾਨ 6 ਸ਼ੂਟਰ ਸ਼ਾਮਲ ਸਨ। ਦੱਸ ਦੇਈਏ ਕਿ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂ ਦੇ ਇਨਕਾਉਂਟਰ ਤੋਂ ਬਾਅਦ ਗੋਲਡੀ ਬਰਾੜ ਨੇ ਇਹ ਦਾਅਵਾ ਕੀਤਾ ਹੈ।
ਦਿੱਲੀ ਪੁਲਿਸ ਨੇ 8 ਸ਼ੂਟਰਾਂ ਦੇ ਸ਼ਾਮਲ ਹੋਣ ਦਾ ਕੀਤਾ ਸੀ ਦਾਅਵਾ
ਜੇਕਰ ਦੇਖਿਆ ਜਾਵੇ ਤਾਂ ਸ਼ੁਰੂਆਤੀ ਜਾਂਚ ਦੌਰਾਨ ਦਿੱਲੀ ਪੁਲਿਸ ਨੇ ਵੀ ਮੂਸੇਵਾਲਾ ਦੇ ਕਤਲ ’ਚ 8 ਸ਼ਾਰਪਸ਼ੂਟਰਾਂ ਦੇ ਹੋਣ ਦਾ ਦਾਅਵਾ ਕੀਤਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਗਰੂਪ ਰੂਪਾ, ਮਨਪ੍ਰੀਤ ਮਨੂ, ਪ੍ਰਿਅਵਰਤ ਫ਼ੌਜੀ, ਮਨਪ੍ਰੀਤ ਭੋਲੂ, ਸੁਭਾਸ ਬਨੌਦਾ, ਸੰਤੋਸ਼ ਯਾਦਵ, ਸੋਰਵ ਮਹਾਂਕਾਲ ਅਤੇ ਹਰਕਮਲ ਰਾਣੂ ਸਣੇ 8 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਹਾਲਾਂਕਿ ਜਾਂਚ ਤੋਂ ਬਾਅਦ ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਦੇ ਨਾਮ ਵੀ ਇਸ ’ਚ ਸ਼ਾਮਲ ਕੀਤੇ ਗਏ ਸਨ।
ਮਾਨਸਾ ਦੇ ਐੱਸਐੱਸਪੀ ਨੇ ਦੱਸਿਆ ਕਿ ਸ਼ਾਰਪਸ਼ੂਟਰਾਂ ਦੀ ਗਿਣਤੀ 6 ਸੀ, ਜਿਨ੍ਹਾਂ ’ਚੋਂ 2 ਨੂੰ ਪੁਲਿਸ ਨੇ ਇਨਕਾਊਂਟਰ ’ਚ ਮਾਰ ਮੁਕਾਇਆ ਹੈ। ਉਨ੍ਹਾਂ ਕਿਹਾ ਕਿ ਬਰਾੜ ਬੇਤੁਕੇ ਬਿਆਨ ਜਾਰੀ ਕਰਕੇ ਪੁਲਿਸ ਦਾ ਧਿਆਨ ਜਾਂਚ ਤੋਂ ਭਟਕਾਉਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਬੀਤੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਸੀ। ਉਸਨੇ ਕਿਹਾ ਸੀ ਕਿ ਆਪਣੇ ਦੋਸਤ ਵਿੱਕੀ ਮਿੱਢੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ।