ਚੰਡੀਗੜ: ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਮਨੂ ਦੇ ਇਨਕਾਊਂਟਰ ਤੋਂ ਬਾਅਦ ਵੱਡੇ ਖੁਲਾਸੇ ਹੋ ਰਹੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਰ ਦੋਵੇਂ ਗੈਂਗਸਟਰ 3 ਦਿਨ ਪਹਿਲਾਂ ਹੀ ਪੰਜਾਬ ਵਿੱਚ ਦਾਖ਼ਲ ਹੋਏ ਸਨ। ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਇਹ ਦੋਵੇਂ ਗੈਂਗਸਟਰ ਬਾਰਡਰ ਪਾਰ ਪਾਕਿਸਤਾਨ ਜਾਣ ਦੀ ਫਿਰਾਕ ਸਨ। ਇਸ ਕੰਮ ਲਈ ਰੂਪਾ ਅਤੇ ਮਨੂ ਦੀ ਮਦਦ ਪਾਕਿਸਤਾਨ ਬੈਠੇ ਬਿਲਾਲ ਸੰਧੂ ਅਤੇ ਰਿੰਦਾ ਕਰ ਰਹੇ ਹਨ।


COMMERCIAL BREAK
SCROLL TO CONTINUE READING

 


4 ਕਤਲ ਕਰਨ ਤੋਂ ਬਾਅਦ ਵੀ ਪੰਜਾਬ 'ਚ ਹੀ ਘੁੰਮ ਰਹੇ ਸਨ ਗੈਂਗਸਟਰ


ਮਨਪ੍ਰੀਤ ਮਨੂ ਤੇ ਜਗਰੂਪ ਰੂਪਾ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰਦੇ ਸਨ। ਇਨ੍ਹਾਂ ਦੋਹਾਂ ਨੇ ਗੋਲਡੀ ਬਰਾੜ ਦੇ ਕਹਿਣ 'ਤੇ ਦਵਿੰਦਰ ਬੰਬੀਹਾ ਗੁਰੱਪ ਦੇ ਸ਼ਾਮਾ ਦੀ ਮੁਕਤਸਰ 'ਚ ਗੋਲੀਆਂ ਮਾਰਕੇ ਹੱਤਿਆ ਕੀਤੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਲਕਾ ਜ਼ੀਰਾ ਦੇ ਇੱਕ ਹੋਟਲ 'ਚ ਪੱਟੀ ਦੇ ਰਹਿਣ ਵਾਲੇ ਗੋਪੀ ਨਾਮ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ, 2 ਕਤਲਾਂ ਤੋਂ ਬਾਅਦ ਵੀ ਇਹ ਪੰਜਾਬ 'ਚ ਘੁੰਮਦੇ ਰਹੇ। ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਦਾ ਬਦਲਾ ਲੈਣ ਲਈ ਇਨ੍ਹਾਂ ਨੇ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ 'ਤੇ ਬੰਬੀਹਾ ਗਰੁੱਪ ਦੇ ਮੈਂਬਰ ਪਿੰਟਾ ਦੀ ਮੋਗਾ ਦੇ ਪਿੰਡ ਮਾੜੀ ਮੁਸਤਫ਼ਾ 'ਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਇਸ ਤੋਂ 2 ਮਹੀਨੇ ਬਾਅਦ ਹੀ 29 ਮਈ ਨੂੰ ਮਾਨਸਾ 'ਚ ਗਾਇਕ ਮੂਸੇਵਾਲਾ ਦੀ ਹੱਤਿਆ ਕਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।


 


ਇਸ ਤਰ੍ਹਾਂ ਪੁਲਿਸ ਦੀਆਂ ਨਜ਼ਰਾਂ ਤੋਂ ਬਚਦੇ ਰਹੇ ਗੈਂਗਸਟਰ ਰੂਪਾ ਤੇ ਮਨੂ


ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਦੀ ਮਦਦ ਕੈਨੇਡਾ 'ਚ ਬੈਠਾ ਗੋਲਡੀ ਬਰਾੜ ਤੇ ਪਾਕਿਸਤਾਨ 'ਚ ਬੈਠਾ ਅੱਤਵਾਦੀ ਰਿੰਦਾ ਕਰ ਰਹੇ ਸਨ। ਪਰ ਫੇਰ ਵੀ ਇਹ ਦੋਵੇਂ ਗੈਂਗਸਟਰ ਗੋਲਡੀ ਬਰਾੜ ਵਲੋਂ ਮੁਹੱਇਆ ਕਰਵਾਏ ਜਾ ਰਹੇ ਫ਼ਾਰਮ ਹਾਊਸਾਂ ਦੀ ਬਜਾਏ ਆਪਣੇ ਠਿਕਾਣਿਆਂ ਦਾ ਇਸਤੇਮਾਲ ਕਰ ਰਹੇ ਸਨ। ਜਿਸ ਕਾਰਨ ਇਹ ਪੁਲਿਸ ਨੂੰ ਚਕਮਾ ਦੇਣ 'ਚ ਕਾਮਯਾਬ ਹੋ ਜਾਂਦੇ ਸਨ। ਇਨ੍ਹਾਂ ਗੈਂਗਸਟਰਾਂ ਨੂੰ ਟਰੈਕ ਕਰਨ ਲਈ ਅੰਮ੍ਰਿਤਸਰ ਪੁਲਿਸ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਆਈ। ਕਿਉਂਕਿ ਰੂਪਾ ਨੂੰ ਜੱਗੂ ਭਗਵਾਨਪੁਰੀਆ ਨੇ ਹੀ ਗੋਲਡੀ ਬਰਾੜ ਨਾਲ ਮਿਲਵਾਇਆ ਸੀ। ਜੱਗੂ ਭਗਵਾਨਪੁਰੀਆ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੂੰ ਦੋਹਾਂ ਗੈਂਗਸਟਰਾਂ ਦੀ ਸੂਹ ਹਾਸਲ ਹੋਈ। 3 ਦਿਨ ਪਹਿਲਾਂ ਹੀ ਮਨੂ ਅਤੇ ਰੂਪਾ ਰਾਜਸਥਾਨ ਤੋਂ ਪੰਜਾਬ 'ਚ ਦਾਖ਼ਲ ਹੋਏ ਸਨ। ਇਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਸੀ। ਜਿਵੇਂ ਹੀ ਬੁੱਧਵਾਰ ਇਨ੍ਹਾਂ ਦੇ ਤਰਨਤਾਰਨ ਦੇ ਪਿੰਡ 'ਚ ਸਥਿਤ ਇਕ ਖੰਡਰ ਘਰ 'ਚ ਛੁਪੇ ਹੋਣ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਇਨਕਾਊਂਟਰ 'ਚ ਦੋਹਾਂ ਨੂੰ ਮਾਰ ਮੁਕਾਇਆ।