Faridkot News: ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਉਤੇ ਸਕੂਲ ਵਿੱਚ ਹੀ ਪੰਜਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਨਾਲ ਗਲਤ ਹਰਕਤਾਂ ਕਰਨ ਤੇ ਜਿਨਸੀ ਛੇੜਛਾੜ ਦੇ ਦੋਸ਼ ਲਗਾ ਕੇ ਪਿੰਡ ਵਾਸੀਆਂ ਨੇ ਸਕੂਲ ਦਾ ਘਿਰਾਓ ਕੀਤਾ। ਪਿੰਡ ਵਾਸੀਆਂ ਨੇ ਮੁਲਜ਼ਮ ਅਧਿਆਪਕ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ 9 ਅਕਤੂਬਰ ਨੂੰ ਸਕੂਲ ਦੀ ਹੀ ਇੱਕ ਵਿਦਿਆਰਥਣ ਨਾਲ ਸਕੂਲ ਦੇ ਅਧਿਆਪਕ ਵੱਲੋਂ ਦਫਤਰ ਵਿੱਚ ਬੁਲਾ ਕੇ ਉਸ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਅਤੇ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਜਿਸ ਵਿੱਚ ਬੱਚੀ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਨੂੰ ਲੈਕੇ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਦੱਸਿਆ ਜਾ ਰਿਹਾ ਹੈ ਕੇ ਪਰਿਵਾਰ ਵੱਲੋਂ ਅਧਿਆਪਕ ਨਾਲ ਰਾਜ਼ੀਨਾਮਾ ਕਰਨ ਤੋਂ ਬਾਅਦ ਸ਼ਿਕਾਇਤ ਵਾਪਸ ਲੈ ਲਈ ਗਈ ਪਰ ਹੁਣ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਕਰ ਉਕਤ ਅਧਿਆਪਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਰਾਜੀਨਾਮੇ ਉਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਕਿਸੇ ਦਬਾਅ ਥਲੇ ਆਕੇ ਪਰਿਵਾਰ ਵੱਲੋਂ ਇਹ ਰਾਜੀਨਾਮਾ ਕੀਤਾ ਗਿਆ ਹੈ ਅਤੇ ਉਨ੍ਹਾਂ ਚਿਤਵਾਨੀ ਦਿੱਤੀ ਕੇ ਇਸ ਅਧਿਆਪਕ ਖਿਲਾਫ਼ ਪਹਿਲਾ ਵੀ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਇਸ ਲਈ ਉਸ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਅਧਿਆਪਕ ਨੂੰ ਸਕੂਲ ਵਿਚੋਂ ਬਰਖ਼ਾਸਤ ਕੀਤਾ ਜਾਵੇ।


ਇਸ ਸਬੰਧੀ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਾਰੀ ਘਟਨਾ 9 ਅਕਤੂਬਰ ਦੀ ਦੱਸੀ ਜਾ ਰਹੀ ਹੈ ਪਰ ਪੰਚਾਇਤੀ ਵੋਟਾਂ ਹੋਣ ਕਾਰਨ ਤੇ ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਅੱਜ ਪਿੰਡ ਵਾਸੀਆਂ ਵੱਲੋਂ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੀ ਸੂਚਨਾ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ।


ਉਧਰ ਮੁਲਜ਼ਮਾਂ ਅਧਿਆਪਕ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਪਿੰਡ ਦਾ ਹੀ ਹੋਣ ਕਰਕੇ ਜਾਤੀ ਰੰਜਿਸ਼ ਤਹਿਤ ਉਸ ਖਿਲਾਫ਼ ਕੁਝ ਲੋਕਾਂ ਵੱਲੋਂ ਇਹ ਮੁੱਦਾ ਬਣਾਇਆ ਗਿਆ ਹੈ ਜਦਕਿ ਉਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਖਿਲਾਫ ਰੰਜਿਸ਼ ਰੱਖਣ ਵਾਲਿਆਂ ਵੱਲੋਂ ਬੱਚੀ ਦੀ ਇੱਕ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਗਈ ਪਰ ਪਰਿਵਾਰ ਵੱਲੋਂ ਵੀ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਤੇ ਆਪਣੀ ਸ਼ਿਕਾਇਤ ਉਤੇ ਰਾਜੀਨਾਮਾ ਲਿਖ ਕੇ ਸ਼ਿਕਾਇਤ ਵਾਪਸ ਲਈ ਜਾ ਰਹੀ ਹੈ।


ਇਸ ਸਬੰਧੀ ਪੀੜਤ ਲੜਕੀ ਦੇ ਪਰਿਵਾਰ ਵੱਲੋਂ ਵੀ ਮੀਡੀਆ ਸਾਹਮਣੇ ਆਕੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਹੀ ਉਨ੍ਹਾਂ ਦੀ ਵੀਡੀਓ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਨਾਲ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।


ਇਸ ਮਾਮਲੇ ਵਿੱਚ ਐਸਐਚਓ ਜਗਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸੂਚਨਾ ਮਿਲੀ ਸੀ ਕਿ ਸਕੂਲ ਦੇ ਬਾਹਰ ਕੁਝ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉਹ ਮੌਕੇ ਉਤੇ ਗਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਹ ਲਿਖਤੀ ਰੂਪ ਵਿੱਚ ਅਰਜ਼ੀ ਦੇਣ। ਛੇੜਛਾੜ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਉਨ੍ਹਾਂ ਵੱਲੋਂ ਖੁਦ ਹੀ ਰਾਜੀਨਾਮਾ ਲਿਖ ਕੇ ਦਿੱਤਾ ਗਿਆ ਹੈ।