Guest Faculty Protest: ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਕੀਤਾ ਰੋਸ ਪ੍ਰਦਰਸ਼ਨ; ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
Guest Faculty Protest: ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Guest Faculty Protest: ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਰੂਪ ਰਾਣੀ ਕਾਲਜ ਵਿੱਚ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਸਰਕਾਰੀ ਨੂੰ ਅਪੀਲ ਕੀਤੀ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਹੱਕਾਂ ਉਤੇ ਡਾਕਾ ਨਾ ਮਾਰਿਆ ਜਾਵੇ।
ਗੈਸਟ ਫੈਕਲਟੀ ਮੰਜੂ ਕੋਚਰ, ਸਿਮਰਪ੍ਰੀਤ ਕੌਰ ਅਤੇ ਹੋਰ ਗੈਸਟ ਫੈਕਲਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪੋਸਟ ਉਪਰ 30 ਤੋਂ 40 ਸਾਲ ਕੰਮ ਕਰਦੇ ਹੋ ਗਏ ਹਨ ਜਦੋਂਕਿ ਇਸ ਸਰਕਾਰੀ ਕਾਲਜ ਵਿਚ ਕੋਈ ਪੜ੍ਹਨ ਤੱਕ ਨਹੀਂ ਆਉਂਦਾ ਸੀ ਪਰ ਅੱਜ ਇਥੋਂ ਹਜ਼ਾਰਾਂ ਹੀ ਵਿਦਿਆਰਥੀ ਪੜ੍ਹ ਕੇ ਆਪਣਾ ਭਵਿੱਖ ਸੰਵਾਰ ਚੁੱਕੇ ਹਨ ਪਰ ਉਨ੍ਹਾਂ ਦਾ ਭਵਿੱਖ ਅਜੇ ਤੱਕ ਹਨੇਰੇ ਵਿਚ ਹੈ ਕਿਉਂਕਿ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਹੱਕਾਂ ਉਤੇ ਡਾਕੇ ਮਾਰ ਰਹੀ ਹੈ।
ਉਨ੍ਹਾਂ ਦੀਆਂ ਅਸਾਮੀਆਂ ਨੂੰ ਖਾਲੀ ਦਸ ਨਵੀਂ ਭਰਤੀ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਖ਼ਤਰੇ ਵਿਚ ਪਾ ਰਹੀ ਹੈ। ਹਾਲਾਂਕਿ ਇਸ ਭਰਤੀ ਖਿਲਾਫ਼ ਉਨ੍ਹਾਂ ਨੇ ਆਵਾਜ਼ ਵੀ ਬੁਲੰਦ ਕੀਤੀ ਪਰ ਹੁਣ ਰਾਤੋਂ ਰਾਤ ਉਨ੍ਹਾਂ ਹੁਕਮਾਂ ਨੂੰ ਲਾਂਭੇ ਕਰ ਇਨ੍ਹਾਂ ਪੋਸਟਾਂ ਉਤੇ ਅਧਿਆਪਕ ਨਿਯੁਕਤ ਕੀਤੇ ਗਏ ਹਨ ਜਿਸ ਕਾਰਨ ਉਨ੍ਹਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ। ਇਸ ਖਿਲਾਫ਼ ਉਹ ਕੁਲਤਾਰ ਸਿੰਘ ਸੰਧਵਾਂ ਨੂੰ ਮਿਲੇ ਸੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਕਾਰਨ ਉਨ੍ਹਾਂ ਨੇ ਅੱਜ ਸੰਘਰਸ਼ ਕੀਤਾ ਹੈ ਅਤੇ ਭਵਿੱਖ ਵਿੱਚ ਸੰਘਰਸ਼ ਜਾਰੀ ਰਹੇਗਾ।
ਇਸ ਤੋਂ ਇਲਾਵਾ ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਬਾਹਰ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਸਮੂਹਕ ਛੁੱਟੀ ਲੈ ਕੇ ਕਾਲਜ ਦੇ ਗੇਟ ਉਤੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ 1100 ਦੇ ਕਰੀਬ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕਰਨ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਭਰਤੀ ਮੌਕੇ ਉਨ੍ਹਾਂ ਨੂੰ ਪਹਿਲ ਦੇਵੇਗੀ ਪਰ ਹੁਣ ਸਰਕਾਰ ਵੱਲੋਂ ਸਹਾਇਕ ਪ੍ਰੋਫੈਸਰ ਭਰਤੀ ਤਾਂ ਕਰ ਲਏ ਗਏ।
ਉਨ੍ਹਾਂ ਨੂੰ ਇਨ੍ਹਾਂ ਪੋਸਟਾਂ ਲਈ ਯੋਗ ਨਾ ਦੱਸਦੇ ਹੋਏ ਉਨ੍ਹਾਂ ਦੀਆਂ 20 ਸਾਲ ਦੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਹੁਣ ਆਪਣੀ ਉਮਰ ਦਾ ਅੱਧਾ ਹਿੱਸਾ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਨੂੰ ਕਾਬਲ ਬਣਾਉਣ ਵਿੱਚ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੱਕਾ ਕਰੇਗੀ ਪਰ ਜਿਸ ਤਰੀਕੇ ਹੁਣ 885 ਗੈਸਟ ਫੈਕਲਟੀ ਪ੍ਰੋਫ਼ਸਰਾ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਨਾਲ ਉਨ੍ਹਾਂ ਦੇ ਭਵਿੱਖ ਉਤੇ ਖਤਰੇ ਦੀ ਤਲਵਾਰ ਲਟਕ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸੰਕੇਤਕ ਧਰਨਾ ਦਿੱਤਾ ਤੇ ਜੇਕਰ ਸਰਕਾਰ ਉਨ੍ਹਾਂ ਨੂੰ ਕੋਈ ਸਾਰਥਿਕ ਭਰੋਸਾ ਨਹੀਂ ਦਿੰਦੀ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।