Pitbull Attack News (ਭੋਪਾਲ਼ ਸਿੰਘ ਗੁਰਦਾਸਪੁਰ): ਖ਼ਤਰਨਾਕ ਨਸਲਾਂ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਕਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਖਤਰਨਾਕ ਨਸਲਾਂ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰ ਰਹੇ। ਅਜਿਹੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਘਰ ਦੀ ਰਾਖੀ ਘੱਟ ਲੋਕ ਵਿਖਾਵਾ ਜ਼ਿਆਦਾ ਹੁੰਦਾ ਹੈ।


COMMERCIAL BREAK
SCROLL TO CONTINUE READING

ਅੱਜ ਫਿਰ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਬਹਾਦਰਪੁਰ ਰਜੋਆ ਦਾ ਰਹਿਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗੁਆਂਢੀਆਂ ਵੱਲੋਂ ਪਾਲੇ ਗਏ ਖ਼ਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਬਣ ਗਿਆ ਹੈ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਬਜ਼ੁਰਗ ਉਪਰ ਪਿੱਟਬੁੱਲ ਨੇ ਹਮਲਾ ਕਰ ਦਿੱਤਾ।


ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਹੈ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਵਿੱਚ ਰੈਫਰ ਕਰਨਾ ਪਿਆ। ਉਨ੍ਹਾਂ ਦੇ ਮੂੰਹ, ਗਲੇ ਬਾਂਹ ਤੇ ਲੱਤ ਉਤੇ ਵੀ ਕੁੱਤੇ ਨੇ ਡੂੰਘੇ ਜ਼ਖ਼ਮ ਕੀਤੇ ਹਨ। ਬਜ਼ੁਰਗ ਦੇ ਭਤੀਜੇ ਅਨੁਸਾਰ ਉਨਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ।


ਜ਼ਖ਼ਮੀ ਬਜ਼ੁਰਗ ਛੱਲਾ ਰਾਮ ਦੇ ਭਤੀਜੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਤਾਇਆ ਜੋ ਉਨ੍ਹਾਂ ਕੋਲ ਉਨ੍ਹਾਂ ਦੇ ਘਰ ਵਿੱਚ ਹੀ ਰਹਿੰਦਾ ਹੈ ਉਸ ਦੀ ਦੁਕਾਨ ਤੋਂ ਘਰ ਰੋਟੀ ਖਾਣ ਲਈ ਆ ਰਿਹਾ ਸੀ ਜਦੋਂ ਘਰ ਨੇੜੇ ਪਹੁੰਚਿਆ ਤਾਂ ਗੁਆਂਢੀਆਂ ਵੱਲੋਂ ਰੱਖੇ ਗਏ ਪਿੱਟਬੁੱਲ ਕੁੱਤੇ ਦਾ ਸ਼ਿਕਾਰ ਬਣ ਗਿਆ। ਇਸ ਖ਼ਤਰਨਾਕ ਕੁੱਤੇ ਨੂੰ ਗੁਆਂਢੀਆਂ ਨੇ ਖੁੱਲ੍ਹਾ ਛੱਡਿਆ ਹੋਇਆ ਸੀ ਤੇ ਇਹ ਪਹਿਲਾਂ ਵੀ ਕਈ ਲੋਕਾਂ ਉਤੇ ਹਮਲਾ ਕਰ ਚੁੱਕਿਆ ਹੈ।


ਉਸ ਨੇ ਦੱਸਿਆ ਕਿ ਕੁੱਤਾ ਬਜ਼ੁਰਗ ਛੱਲਾ ਰਾਮ ਨੂੰ ਬੁਰੀ ਤਰ੍ਹਾਂ ਨੋਚ ਰਿਹਾ ਸੀ ਕਿ ਉਹ ਅਤੇ ਉਸਦੀ ਭਾਬੀ ਸਵੰਨਿਆ ਮੌਕੇ ਤੇ ਪਹੁੰਚ ਗਏ ਤੇ ਡੰਡੇ ਮਾਰ ਮਾਰ ਕੇ ਉਸ ਨੂੰ ਉੱਥੋਂ ਭਜਾਇਆ ਪਰ ਉਦੋਂ ਤੱਕ ਕੁੱਤਾ ਉਸ ਦੇ ਤਾਏ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਚੁੱਕਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਘਰ ਕੁਝ ਬੱਚੇ ਵੀ ਪੜ੍ਹਨ ਲਈ ਆਉਂਦੇ ਹਨ ਜਿਨ੍ਹਾਂ ਨੂੰ ਇਸ ਕੁੱਤੇ ਤੋਂ ਖਤਰਾ ਹੋ ਸਕਦਾ ਹੈ ਉਸ ਨੇ ਮੰਗ ਕੀਤੀ ਹੈ ਕਿ ਅਜਿਹੇ ਖ਼ਤਰਨਾਕ ਕੁੱਤੇ ਰੱਖਣ ਵਾਲੇ ਗੁਆਂਢੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।


ਉਥੇ ਹੀ ਸਿਵਲ ਹਸਪਤਾਲ ਵਿੱਚ ਡਿਊਟੀ ਉਤੇ ਤਾਇਨਾਤ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਭੁਪੇਸ਼ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦੇ ਚਿਹਰੇ ਗਲੇ, ਬਾਵਾਂ ਤੇ ਲੱਤਾਂ ਉਪਰ ਕੁੱਤੇ ਦੇ ਵੱਢਣ ਨਾਲ ਗੰਭੀਰ ਜ਼ਖ਼ਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜ਼ਾਹਿਰ ਤੌਰ ਉਤੇ ਕੁੱਤੇ ਵੱਲੋਂ ਬਜ਼ੁਰਗ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ ਅਤੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਨੋਚਿਆ ਹੈ।


ਕੁੱਤੇ ਦੇ ਵੱਡੇ ਦੇ ਜ਼ਖ਼ਮਾਂ ਉਪਰ ਟਾਂਕੇ ਨਹੀਂ ਲਗਾਏ ਜਾ ਸਕਦੇ। ਜ਼ਿਆਦਾ ਡੂੰਘੇ ਜ਼ਖ਼ਮਾਂ ਉਤੇ ਇੱਕ-ਇੱਕ ਟਾਂਕਾ ਲਗਾ ਕੇ ਮਲ੍ਹਮ ਪੱਟੀ ਕਰ ਦਿੱਤੀ ਗਈ ਹੈ ਤੇ ਫਿਲਹਾਲ ਬਜ਼ੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।


ਇਹ ਵੀ ਪੜ੍ਹੋ : Mohali News: CP ਮਾਲ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ