ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਪੇਰੋਲ ’ਤੇ ਬਾਹਰ ਆ ਚੁੱਕੇ ਹਨ। ਰਾਮ ਰਹੀਮ ਨੇ ਬਾਹਰ ਆਉਂਦਿਆਂ ਹੀ ਪੰਜਾਬ ਦੇ ਸੁਨਾਮ ’ਚ ਨਵਾਂ ਡੇਰਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। 


COMMERCIAL BREAK
SCROLL TO CONTINUE READING


ਸਿੱਖ ਸਮੁਦਾਇ ਪਹਿਲਾਂ ਹੀ ਰਾਮ ਰਹੀਮ ਤੋਂ ਨਰਾਜ਼ ਚੱਲ ਰਿਹਾ ਹੈ ਤੇ ਹੁਣ ਉਸਦੇ ਨਵੇਂ ਐਲਾਨ ਨੇ ਸੂਬੇ ’ਚ ਬਵਾਲ ਮਚਾ ਦਿੱਤਾ ਹੈ। 



ਸਲਾਬਤਪੁਰਾ ਤੋਂ ਬਾਅਦ ਸੁਨਾਮ ’ਚ ਬਣੇਗਾ ਦੂਜਾ ਡੇਰਾ
ਗੁਰਮੀਤ ਰਾਮ ਰਹੀਮ ਬੀਤੇ ਵੀਰਵਾਰ ਵੀਡੀਓ ਕਾਨਫ਼ਰਸਿੰਗ (Virtual meet) ਜ਼ਰੀਏ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਬਲਾਕ ਦੀ ਸੰਗਤ ਦੇ ਰੂਬਰੂ ਹੋਇਆ। ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਸੁਨਾਮ ਚਰਚਾ ਘਰ ਨੂੰ ਡੇਰੇ (Camp of Sacha Sauda) ’ਚ ਬਦਲਣ ਦੀ ਇੱਛਾ ਜ਼ਾਹਿਰ ਕੀਤੀ। ਡੇਰਾ ਮੁਖੀ ਨੇ ਪ੍ਰੇਮੀਆਂ ਨੂੰ ਪੁੱਛਿਆ ਕਿ ਡੇਰਾ ਬਣਾਉਣ ਲਈ ਜ਼ਮੀਨ ਹੈ? ਇਸ ਸਵਾਲ ’ਤੇ ਪ੍ਰੇਮੀਆਂ ਨੇ ਕਿਹਾ ਕਿ ਚਰਚਾ ਘਰ ਦੇ ਆਲੇ ਦੁਆਲੇ ਦੀ ਜ਼ਮੀਨ ਖ਼ਰੀਦ ਲਈ ਜਾਵੇਗੀ। ਜਿਸ ਤੋਂ ਬਾਅਦ ਰਾਮ ਰਹੀਮ ਨੇ ਮਨਜ਼ੂਰੀ ਦੇ ਦਿੱਤੀ ਅਤੇ ਐਡਮਿਨ ਬਲਾਕ ਦੇ ਜ਼ਿੰਮੇਵਾਰ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰ ਦਿੱਤੇ। 



ਗੌਰ ਕਰਨ ਵਾਲੀ ਗੱਲ ਇਹ ਰਹੀ ਕਿ ਪ੍ਰੇਮੀਆਂ ਨੇ ਸ਼ਹੀਦ ਉਧਮ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵੀ ਰਾਮ ਰਹੀਮ ਨਾਲ ਮੁਲਾਕਾਤ ਕਰਵਾਈ। ਹੁਣ ਤੱਕ ਸਿਰਸਾ ਤੋਂ ਬਾਅਦ ਪੰਜਾਬ ’ਚ ਬਠਿੰਡਾ ਦੇ ਸਲਾਬਤਪੁਰਾ ’ਚ ਦੂਸਰਾ ਸਭ ਤੋਂ ਵੱਡਾ ਡੇਰਾ ਹੈ। ਹੁਣ ਸੁਨਾਮ ’ਚ ਡੇਰਾ ਬਣਨ ਤੋਂ ਬਾਅਦ ਪੰਜਾਬ ’ਚ 2 ਡੇਰੇ ਹੋ ਜਾਣਗੇ। 



ਨਵੇਂ ਡੇਰੇ ਦੇ ਐਲਾਨ ਨਾਲ ਹੋ ਸਕਦਾ ਹੈ ਮਾਹੌਲ ਖ਼ਰਾਬ
ਪੰਜਾਬ ’ਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉੱਧਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਅਤੇ ਮੌੜ ਮੰਡੀ ਬਲਾਸਟ (Maur bomb blast) ਮਾਮਲੇ ’ਚ ਡੇਰਾ ਪ੍ਰੇਮੀਆਂ ਖ਼ਿਲਾਪ ਮਾਮਲੇ ਦਰਜ ਹਨ। ਇਸਦੇ ਨਾਲ ਹੀ ਬਰਗਾੜੀ ਕਾਂਡ ਮਾਮਲੇ ’ਚ ਜਾਂਚ ਟੀਮ (SIT) ਰਾਮ ਰਹੀਮ ਸਣੇ ਡੇਰਾ ਪ੍ਰਬੰਧਕਾਂ ਤੋਂ ਪੁਛਗਿੱਛ ਕਰ ਚੁੱਕੀ ਹੈ। ਸਪੈਸ਼ਲ ਜਾਂਚ ਟੀਮ ਗੁਰਮੀਤ ਰਾਮ ਰਹੀਮ ਨੂੰ ਜਾਂਚ ਲਈ ਪੰਜਾਬ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਨਾਰੀਆ ਜੇਲ੍ਹ (Sunaria Jail) ’ਚ ਰਾਮ ਰਹੀਮ ਤੋਂ ਪੁਛਗਿੱਛ ਕੀਤੀ ਸੀ।



ਡੇਰਾ ਮੁਖੀ ਨੂੰ ਪੈਰੋਲ ਮਿਲਣਾ ਆਮ ਗੱਲ
ਗੁਰਮੀਤ ਰਾਮ ਰਹੀਮ ਸਾਲ 2017 ਤੋਂ ਸੁਨਾਰੀਆ ਜੇਲ੍ਹ ’ਚ ਬੰਦ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ 7 ਫ਼ਰਵਰੀ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਸ ਤੋਂ ਠੀਕ ਬਾਅਦ ਜੂਨ ਮਹੀਨੇ ’ਚ 30 ਦਿਨਾਂ ਲਈ ਬਾਹਰ ਆਇਆ। ਹੁਣ ਹਰਿਆਣਾ ਦੇ ਆਦਮਪੁਰ ਦੀ ਉਪ-ਚੋਣ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ।