Gursimran Sing Mand News: ਲੁਧਿਆਣਾ ’ਚ ਪਿਛਲੇ ਢਾਈ ਮਹੀਨਿਆਂ ਤੋਂ ਘਰ ’ਚ ਨਜ਼ਰਬੰਦ ਕੀਤੇ ਗਏ ਗੁਰਸਿਮਰਨ ਸਿੰਘ ਮੰਡ ਨੇ ਪੰਜਾਬ ਸਰਕਾਰ ਖ਼ਿਲਾਫ਼ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਗੁਰਸਿਮਰਨ ਮੰਡ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੋਸਟ ਪਾਈ।


COMMERCIAL BREAK
SCROLL TO CONTINUE READING

ਆਪਣੇ ਟਵੀਟ ’ਚ ਉਸਨੇ ਲਿਖਿਆ ਕਿ, “ਸੁਰੱਖਿਆ ਦਾ ਹਵਾਲਾ ਦੇ ਕੇ ਮੈਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੈਨੂੰ ਆਪਣੇ ਕਾਰੋਬਾਰ ਤੇ ਮੀਟਿੰਗਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ, ਜੇਕਰ ਖ਼ਤਰਾ ਹੈ ਤਾਂ ਹੁਣ ਤੱਕ ਸੁਰੱਖਿਆ ਕਿਉਂ ਨਹੀਂ ਵਧਾਈ ਗਈ? ਜੇਕਰ 31 ਜਨਵਰੀ ਤੱਕ ਨਜ਼ਰਬੰਦੀ ਨਾ ਹਟਾਈ ਗਈ ਤਾਂ ਮੈਂ ਹਾਈਕੋਰਟ ਜਾਵਾਂਗਾ।”


ਆਰਥਿਕ ਹਲਾਤ ਹੋਏ ਖ਼ਰਾਬ


ਇਸ ਦੇ ਨਾਲ ਹੀ ਮੰਡ ਨੇ ਕਿਹਾ ਕਿ ਉਹ 6 ਨਵੰਬਰ ਤੋਂ ਘਰ ਵਿੱਚ ਨਜ਼ਰਬੰਦ ਹੈ। ਕੋਈ ਅੱਤਵਾਦੀ ਉਸ ਨੂੰ ਮਾਰੇ ਜਾਂ ਨਾ ਮਾਰੇ ਪਰ ਕੋਈ ਕਾਰੋਬਾਰ ਨਾ ਕਰਨ ਕਰਕੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਚੁੱਕੀ ਹੈ। ਹੁਣ ਉਸ ਦੇ ਹਾਲਾਤ ਅਜਿਹੇ ਬਣ ਰਹੇ ਹਨ ਕਿ ਉਹ ਅਤੇ ਉਸਦਾ ਪਰਿਵਾਰ ਭੁੱਖ ਨਾਲ ਹੀ ਮਰ ਜਾਵੇਗਾ। ਖਾਣੇ ਦੇ ਵੀ ਲਾਲੇ ਪੈ ਚੁੱਕੇ ਹਨ ਤੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਹੈ।


ਪ੍ਰਸ਼ਾਸਨ ਖ਼ਿਲਾਫ਼ ਕਈ ਵਾਰ ਕੀਤਾ ਪ੍ਰਦਰਸ਼ਨ


ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੰਡ ਨੇ ਇਸ ਤਰਾਂ ਦਾ ਟਵੀਟ ਕੀਤਾ ਹੋਵੇ। ਸਗੋਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਘਰੋਂ ਬਾਹਰ ਨਿਕਲਣ ਲਈ ਉਹ ਵੀਡੀਓ ਪਾ ਚੁੱਕਿਆ ਹੈ ਅਤੇ ਗਲੀ ’ਚ ਪ੍ਰਦਰਸ਼ਨ ਵੀ ਕਰ ਚੁੱਕਿਆ ਹੈ।


ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਵੀ ਉਹ ਕਾਂਗਰਸ ਪਾਰਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਜਾਣਾ ਚਾਹੁੰਦਾ ਸੀ, ਪਰ ਪ੍ਰਸ਼ਾਸਨ ਨੇ ਉਸਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ।


ਮੰਡ ਨੇ ਸੁਰੱਖਿਆ ਹਟਾਉਣ ਦੀ ਕੀਤੀ ਮੰਗ


ਗੁਰਸਿਮਰਨ ਸਿੰਘ ਮੰਡ ਦੇ ਘਰ ਬਾਹਰ ਪੁਲਿਸ ਦੀ ਸੁਰੱਖਿਆ ਦੇ ਕਰੜੇ ਪ੍ਰਬੰਧ ਹਨ, ਹੁਣ ਉਸਨੇ ਟਵੀਟ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 31 ਜਨਵਰੀ ਤੱਕ ਉਸਦੀ ਨਜ਼ਰਬੰਦੀ ਨਾ ਹਟਾਈ ਗਈ ਤਾਂ ਉਹ ਸਰਕਾਰ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਨਗੇ।


ਇਹ ਵੀ ਪੜ੍ਹੋ: ਨਾਇਬ ਤਹਿਸੀਲਦਾਰ ਭਰਤੀ ਹੋਣ ਵਾਲਿਆਂ ਦੇ ਹੱਥ ਖਾਲੀ, ਪਰ ਸਰਕਾਰ ਨੇ ਕਮਾਏ 23.40 ਕਰੋੜ!