ਲੰਡਨ ਤੋਂ ਆਈ ਸੀ ਫਲਾਈਟ- ਬੈਗ ਵਿਚੋਂ ਮਿਲੇ ਯੂਰੋ ਹੀ ਯੂਰੋ, ਫਿਰ.....
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਲੰਡਨ ਦੀ ਫਲਾਈਟ ਚੋਂ ਉੱਤਰੇ ਇਕ ਯਾਤਰੀ ਕੋਲੋਂ ਨੋਟਾਂ ਦਾ ਬੈਗ ਮਿਲਿਆ ਹੈ। ਜਿਸਦੇ ਵਿਚ 10 ਲੱਖ ਤੋਂ ਜ਼ਿਆਦਾ ਵਿਦੇਸ਼ੀ ਕਰੰਸੀ ਅਤੇ 1 ਲੱਖ ਤੋਂ ਜ਼ਿਆਦਾ ਭਾਰਤੀ ਕਰੰਸੀ ਸੀ। ਇਹ ਯਾਤਰੀ ਤਸਕਰੀ ਦੀ ਨੀਅਤ ਨਾਲ ਇਹ ਪੈਸਾ ਵਿਦੇਸ਼ ਤੋਂ ਲਿਆਇਆ ਸੀ।
ਚੰਡੀਗੜ: ਅੰਮ੍ਰਿਤਸਰ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਕਿਸੇ ਨਾ ਕਿਸੇ ਕਾਰਨ ਚਰਚਾਵਾਂ ਵਿਚ ਰਹਿੰਦੇ ਹਨ, ਖਾਸ ਕਰਕੇ ਏਅਰਪੋਰਟ 'ਤੇ ਤਸਕਰੀ ਦੀਆਂ ਚਰਚਾਵਾਂ। ਕਦੇ ਸੋਨਾ, ਕਦੇ ਕੀਮਤੀ ਸਮਾਨ ਏਅਪੋਰਟ ਤੋਂ ਬਰਾਮਦ ਕੀਤਾ ਜਾਂਦਾ ਹੈ। ਇਸੇ ਤਹਿਤ ਅੱਜ ਏਅਰਪੋਰਟ 'ਤੇ ਲੰਡਨ ਦੀ ਫਲਾਈਟ ਤੋਂ ਆਏ ਯਾਤਰੀ ਕੋਲੋਂ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਏਅਰਪੋਰਟ 'ਤੇ ਕਸਟਮ ਵਿਭਾਗ ਨੇ ਹਿਰਾਸਤ ਵਿਚ ਲੈ ਕੇ ਵਿਅਕਤੀ ਕੋਲੋਂ ਪੜਤਾਲ ਕੀਤੀ।
ਲੰਡਨ ਤੋਂ ਆਈ ਸੀ ਫਲਾਈਟ
ਇਹ ਸਾਰਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਏਅਰਪੋਰਟ 'ਤੇ ਲੰਡਨ ਦੀ ਫਲਾਈਟ ਲੈਂਡ ਹੋਈ। ਉਸ ਫਲਾਈਟ ਵਿਚ ਯਾਤਰੀ ਉਤਰਿਆ ਅਤੇ ਜਦੋਂ ਉਸਦੇ ਸਮਾਨ ਦੀ ਸਕੈਨਿੰਗ ਕੀਤੀ ਗਈ ਤਾਂ ਬੈਗ ਦੇ ਅੰਦਰੋਂ ਕਰੰਸੀ ਦਾ ਪਤਾ ਲੱਗਾ। ਜਦੋਂ ਬੈਗ ਖੋਲਿਆ ਤਾਂ ਉਹ ਨੋਟਾਂ ਨਾਲ ਪੈਰ ਹੋਇਆ ਸੀ ਜਿਸ ਵਿਚ 10 ਲੱਖ ਤੋਂ ਜ਼ਿਆਦਾ ਦੇ ਯੂਰੋ ਸਨ ਅਤੇ 1 ਲੱਖ ਤੋਂ ਜ਼ਿਆਦਾ ਭਾਰਤੀ ਰੁਪਏ ਸਨ। ਕਸਟਮ ਵਿਭਾਗ ਹਰਕਤ 'ਚ ਆਇਆ ਅਤੇ ਯਾਤਰੀ ਕੋਲੋਂ ਇਹਨਾਂ ਪੈਸਿਆਂ ਦੀ ਡਿਟੇਲ ਮੰਗੀ ਗਈ। ਪਰ ਉਹ ਦੱਸ ਹੀ ਨਾ ਸਕਿਆ ਕਿ ਵੱਡੀ ਗਿਣਤੀ ਵਿਚ ਵਿਦੇਸ਼ੀ ਅਤੇ ਭਾਰਤੀ ਕਰੰਸੀ ਉਸਦੇ ਕਿਸ ਕੰਮ ਲਈ ਹੈ ਤਾਂ ਕਸਟਮ ਵਿਭਾਗ ਨੂੰ ਪਤਾ ਲੱਗਿਆ ਕਿ ਯਾਤਰੀ ਤਸਕਰੀ ਦੀ ਨੀਅਤ ਨਾਲ ਐਨੇ ਪੈਸੇ ਲੈ ਕੇ ਆਇਆ ਸੀ।
ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਫੜੀ ਗਈ ਸੀ ਕਰੰਸੀ
ਕੁਝ ਦਿਨਾਂ ਦੇ ਫਰਕ ਨਾਲ ਵਿਦੇਸ਼ੀ ਕਰੰਸੀ ਫੜੇ ਜਾਣ ਦਾ ਇਹ ਦੂਸਰਾ ਮਾਮਲਾ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਕਸਟਮ ਵਿਭਾਗ ਨੇ ਦੁਬਈ ਜਾ ਰਹੇ ਵਿਅਕਤੀ ਤੋਂ 6 ਕਰੋੜ ਤੋਂ ਜ਼ਿਆਦਾ ਦੀ ਕਰੰਸੀ ਬਰਾਮਦ ਕੀਤੀ ਗਈ ਸੀ। ਜਿਸਦੇ ਵਿਚ ਅਮਰੀਕੀ ਡਾਲਰ ਅਤੇ ਦੁਬਈ ਦੀ ਕਰੰਸੀ ਸ਼ਾਮਿਲ ਸੀ।
ਆਏ ਦਿਨ ਕੋਈ ਨਾ ਕੋਈ ਤਸਕਰੀ ਦਾ ਮਾਮਲਾ ਆਉਂਦਾ ਹੈ ਸਾਹਮਣੇ
ਅੰਮ੍ਰਿਤਸਰ ਦਾ ਗੁਰੂ ਰਾਮਦਾਸ ਹਵਾਈ ਅੱਡਾ ਅੰਤਰਰਾਸ਼ਟਰੀ ਹੋਣ ਕਾਰਨ ਹਰ ਰੋਜ਼ ਕਈ ਵਿਦੇਸ਼ੀ ਫਲਾਈਟਸ ਇਥੇ ਪਹੁੰਚਦੇ ਹਨ। ਜਿਹਨਾਂ ਦੇ ਸਮਾਨ ਵਿਚ ਕਈ ਕੀਮਤੀ ਵਸਤੂਆਂ, ਪੈਸੇ ਅਤੇ ਕੀਮਤੀ ਗਹਿਣੇ ਹੁੰਦੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਉਹ ਵਿਅਕਤੀ ਹੁੰਦੇ ਹਨ ਜੋ ਤਸਕਰੀ ਦੀ ਨੀਅਤ ਨਾਲ ਇਹ ਸਾਰਾ ਸਮਾਨ ਵਿਦੇਸ਼ਾਂ ਤੋਂ ਲੈ ਕੇ ਆਉਂਦੇ ਹਨ। ਆਏ ਦਿਨ ਹਰੇਕ ਅੰਤਰਰਾਸ਼ਟਰੀ ਫਲਾਈਟ ਦੇ ਯਾਤਰੀ ਕੋਲੋਂ ਅਜਿਹਾ ਸਮਾਨ ਬਰਾਮਦ ਕੀਤਾ ਜਾਂਦਾ ਹੈ।
WATCH LIVE TV