ਡਿਊਟੀ ’ਚ ਕੁਤਾਹੀ ਵਰਤਣ ਵਾਲੇ 42 ਅਫ਼ਸਰਾਂ ਤੇ ਕਰਮਚਾਰੀਆਂ ਨੂੰ `ਕਾਰਨ ਦੱਸੋ` ਨੋਟਿਸ, 3 ਨੂੰ ਕੀਤਾ ਗਿਆ ਚਾਰਜਸ਼ੀਟ
ਕੈਬਨਿਟ ਮਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਫਾਈਲਾਂ ਦੀ ਕਲੀਅਰੈਂਸ ’ਚ ਬੇਲੋੜੀ ਦੇਰੀ ਕਰਨ ਕਾਰਨ ਜਿੱਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ, ਉੱਥੇ ਹੀ ਅਨੈਤਿਕ ਤੇ ਭ੍ਰਿਸ਼ਟ ਤਰੀਕਿਆਂ ਦਾ ਜਨਮ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Zero-tolerance towards delay in service delivery: ਸੂਬੇ ’ਚ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ’ਚ ਅਣਗਹਿਲੀ ਅਤੇ ਦੇਰੀ ਕਰਨ ਵਾਲੇ ਅਫ਼ਸਰਾਂ ਅਤੇ ਕਰਮਚਾਰੀਆਂ ’ਤੇ ਸਰਕਾਰ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ।
ਜਿਸ ਦੇ ਚੱਲਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ’ਚ 42 ਅਧਿਕਾਰੀਆਂ / ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚ ਅੰਮ੍ਰਿਤਸਰ ਵਿਕਾਸ ਅਥਾਰਟੀ ਦਾ ਇੱਕ ਜੂਨੀਅਰ ਇੰਜੀਨੀਅਰ (ਸਿਵਲ), ਜਲੰਧਰ ਵਿਕਾਸ ਅਥਾਰਟੀ ਦੇ ਚਾਰ ਜੂਨੀਅਰ ਇੰਜੀਨੀਅਰ, ਬਠਿੰਡਾ ਵਿਕਾਸ ਅਥਾਰਟੀ ਦਾ ਇੱਕ ਸੈਕਸ਼ਨ ਅਫ਼ਸਰ (SO) ਇੱਕ ਸੀਨੀਅਰ ਸਹਾਇਕ(ਲੇਖਾ), ਗਲਾਡਾ ਦੇ ਚਾਰ ਸੀਨੀਅਰ ਸਹਾਇਕ (ਲੇਖਾ), ਇੱਕ ਸਹਾਇਕ ਸਟੇਟ ਅਫ਼ਸਰ, ਇੱਕ ਸਬ-ਡਵੀਜ਼ਨ ਇੰਜੀਨੀਅਰ (ਸਿਵਲ), ਇੱਕ ਸੁਪਰਡੈਂਟ ਅਤੇ ਇੱਕ ਐੱਸ. ਓ. (SO) ਸ਼ਾਮਲ ਹੈ।
ਅਮਨ ਅਰੋੜਾ (Aman Arora) ਨੇ ਸਪੱਸ਼ਟ ਕੀਤਾ ਕਿ ਫਾਈਲਾਂ ਦੀ ਕਲੀਅਰੈਂਸ ’ਚ ਬੇਲੋੜੀ ਦੇਰੀ ਕਰਨ ਕਾਰਨ ਜਿੱਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ, ਉੱਥੇ ਹੀ ਅਨੈਤਿਕ ਤੇ ਭ੍ਰਿਸ਼ਟ ਤਰੀਕਿਆਂ ਦਾ ਜਨਮ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਭਵਿੱਖ ’ਚ ਵੀ ਫਰਜ਼ ਤੋਂ ਭੱਜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਿਹੜੇ ਤਿੰਨ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਸਪਾਲ ਕੌਰ ਸਹਾਇਕ ਅਸਟੇਟ ਅਫ਼ਸਰ, ਪਟਿਆਲਾ ਵਿਕਾਸ ਅਥਾਰਟੀ, ਰਾਜੇਸ਼ ਕੁਮਾਰ ਸੀਨੀਅਰ ਸਹਾਇਕ (ਲੇਖਾ) ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਪਰਮਿੰਦਰ ਸਿੰਘ ਸੀਨੀਅਰ ਸਹਾਇਕ ਅਸਟੇਟ ਦਫ਼ਤਰ ਗਮਾਡਾ ਸ਼ਾਮਲ ਹਨ।
ਇਸੇ ਤਰ੍ਹਾਂ ਗਮਾਡਾ ਦੇ 27 ਅਧਿਕਾਰੀਆਂ/ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਆਪਣੇ ਫਰਜ਼ ਪ੍ਰਤੀ ਲੋਕ-ਸੇਵਾ ਦੀ ਟਾਲ਼-ਮਟੋਲ ਵਾਲੇ ਵਿਵਹਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 'ਪੰਜਾਬ ਬਚਾਓ' ਮੁਹਿੰਮ ਤਹਿਤ ਵੱਖ-ਵੱਖ ਜ਼ਿਲ੍ਹਿਆਂ ’ਚ ਜਾਣਗੇ ਸੁਖਬੀਰ ਬਾਦਲ