Sangrur News: ਹੈਕਰਾਂ ਨੇ ਵਿਧਵਾ ਨੂੰ ਵੀ ਨਹੀਂ ਬਖਸ਼ਿਆ; ਖਾਤੇ `ਚੋਂ ਪੈਸੇ ਟਰਾਂਸਫਰ ਹੋਣ ਦੀ ਸ਼ਿਕਾਇਤ ਕਰਕੇ ਵਾਪਸ ਮੁੜੇ ਤਾਂ ਖਾਤੇ `ਚੋਂ ਉੱਡੇ 5 ਲੱਖ ਰੁਪਏ
Sangrur News: ਸਾਈਬਰ ਅਪਰਾਧੀ ਨਿੱਤ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਭਵਾਨੀਗੜ੍ਹ ਨੇੜਲੇ ਪਿੰਡ ਬਾਲਦ ਕਲਾਂ ਦੀ ਇੱਕ ਵਿਧਵਾ ਔਰਤ ਦੇ ਖ਼ਾਤੇ ਵਿਚੋਂ ਹੈਕਰਾਂ ਵੱਲੋਂ 6 ਲੱਖ 42 ਹਜ਼ਾਰ ਰੁਪਏ ਉਡਾ ਲਏ ਗਏ ਹਨ।
Sangrur News (ਕਿਰਤੀਪਾਲ ਕੁਮਾਰ): ਭਵਾਨੀਗੜ੍ਹ ਨੇੜਲੇ ਪਿੰਡ ਬਾਲਦ ਕਲਾਂ ਦੀ ਇੱਕ ਵਿਧਵਾ ਔਰਤ ਦੇ ਇੱਕ ਪ੍ਰਾਈਵੇਟ ਬੈਂਕ ਵਿਚਲੇ ਬੱਚਤ ਖ਼ਾਤੇ ਵਿਚੋਂ ਹੈਕਰਾਂ ਵੱਲੋਂ 6 ਲੱਖ 42 ਹਜ਼ਾਰ ਰੁਪਏ ਦੀ ਨਕਦੀ ਉਤੇ ਹੱਥ ਸਾਫ਼ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਸਬੰਧੀ ਖਾਤਾਧਾਰਕ ਵਿਧਵਾ ਔਰਤ ਦੀ ਲੜਕੀ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਠੱਗਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਤਾਧਾਰਕ ਵਿਧਵਾ ਔਰਤ ਕਰਮਜੀਤ ਕੌਰ ਪਤਨੀ ਸਵ. ਰਾਮ ਸਿੰਘ ਵਾਸੀ ਪਿੰਡ ਬਾਲਦ ਕਲਾਂ ਦੀ ਵਸਨੀਕ ਦੀਪਇੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਬਚਤ ਖਾਤਾ ਇਕ ਪ੍ਰਾਈਵੇਟ ਬੈਂਕ ਦੀ ਭਵਾਨੀਗੜ੍ਹ ਬ੍ਰਾਂਚ ਵਿੱਚ ਹੈ ਅਤੇ ਉਸ ਦੇ ਖਾਤੇ ਵਿੱਚ 8 ਲੱਖ 93 ਹਜ਼ਾਰ ਰੁਪਏ ਦੇ ਕਰੀਬ ਦੀ ਰਾਸ਼ੀ ਜਮ੍ਹਾਂ ਸੀ।
ਉਨ੍ਹਾਂ ਨੇ ਦੱਸਿਆ ਕਿ ਲੰਘੀ 31 ਜੁਲਾਈ 2024 ਦੀ ਸ਼ਾਮ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ ਉਤੇ ਤਿੰਨ ਸੰਦੇਸ਼ ਆਏ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ ਦੇ ਖ਼ਾਤੇ ਵਿੱਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 1 ਲੱਖ 42 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਹੋਣ ਸਬੰਧੀ ਸੂਚਨਾ ਸੀ ਪਰ ਉਨ੍ਹਾਂ ਵੱਲੋਂ ਕਿਸੇ ਦੇ ਵੀ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਨਹੀਂ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਣ ਉਤੇ ਉਨ੍ਹਾਂ ਤੁਰੰਤ ਬੈਂਕ ਦੀ ਇੱਕ ਮਹਿਲਾ ਅਧਿਕਾਰੀ ਦੇ ਫ਼ੋਨ ਨੰਬਰ ਉਤੇ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਆਪਣੇ ਖ਼ਾਤੇ ਨੂੰ ਫ੍ਰੀਜ਼ ਕਰਵਾਉਣ ਲਈ ਬੇਨਤੀ ਕੀਤੀ।
ਇਸ ਦੌਰਾਨ ਉਕਤ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਖਾਤੇ ਵਿੱਚ ਬਕਾਇਆ ਰਹਿੰਦੀ ਤੁਹਾਡੀ ਰਾਸ਼ੀ ਦੀ ਅਸੀਂ ਐੱਫਡੀ ਕਰ ਦਿੰਦੇ ਹਾਂ, ਜਿਸ ਨਾਲ ਤੁਹਾਡੀ ਬਾਕੀ ਰਾਸ਼ੀ ਸੁਰੱਖਿਅਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਹੀ ਦਿਨ ਉਹ ਬੈਂਕ ਦੀ ਬ੍ਰਾਂਚ ਵਿੱਚ ਗਏ ਤੇ ਅਧਿਕਾਰੀਆਂ ਨੂੰ ਆਪਣਾ ਖ਼ਾਤਾ ਫ੍ਰੀਜ਼ ਕਰਨ ਦੀ ਬੇਨਤੀ ਕੀਤੀ ਪਰ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਖ਼ਾਤੇ ਵਿੱਚ ਬਕਾਇਆ ਪਈ 7 ਲੱਖ ਰੁਪਏ ਦੀ ਬੈਂਕ ਨੇ ਐੱਫਡੀ ਕਰ ਦਿੱਤੀ ਹੈ ਤੇ ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਇਸ ਤੋਂ ਬਾਅਦ ਉਹ ਇਸ ਘਟਨਾ ਦੀ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਸ਼ਿਕਾਇਤ ਦੇ ਕੇ ਵਾਪਸ ਆਪਣੇ ਘਰ ਆ ਗਏ।
ਪਰ ਲੰਘੀ 1 ਅਗਸਤ ਦੀ ਰਾਤ ਨੂੰ ਉਸ ਸਮੇਂ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਰਾਤ ਦੇ ਕਰੀਬ ਸਵਾ ਅੱਠ ਵਜੇ ਉਨ੍ਹਾਂ ਦੇ ਮੋਬਾਇਲ ਫੋਨ ਉਤੇ ਫਿਰ ਸੰਦੇਸ਼ ਆਇਆ ਕਿ ਉਸ ਦੀ ਮਾਤਾ ਦੇ ਖਾਤੇ ਵਿਚੋਂ ਕਿਸੇ ਨੇ ਬੈਂਕ ਦੀ ਐੱਫਡੀ ਨੂੰ ਤੋੜ ਕੇ 5 ਲੱਖ ਰੁਪਏ ਦੀ ਰਾਸ਼ੀ ਮਹਾਰਾਸ਼ਟਰ ਦੀ ਕਿਸੇ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਲਈ ਹੈ। ਇਸ ਤਰ੍ਹਾਂ ਉਨ੍ਹਾਂ ਦੇ ਖਾਤੇ ਵਿਚੋਂ ਫਿਰ ਕਿਸੇ ਵੱਲੋਂ ਵੱਡੀ ਰਕਮ ਦੀ ਠੱਗੀ ਕਰ ਲੈਣ ਸਬੰਧੀ ਉਨ੍ਹਾਂ ਵੱਲੋਂ ਫਿਰ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਇਸ ਸਬੰਧੀ ਇਕ ਹੋਰ ਲਿਖਤੀ ਸ਼ਿਕਾਇਤ ਦਿੱਤੀ ਗਈ ਤੇ ਇਸ ਦੀ ਜਾਣਕਾਰੀ ਬੈਂਕ ਦੀ ਬ੍ਰਾਂਚ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ।
ਦੀਪਇੰਦਰ ਕੌਰ ਨੇ ਬਹੁਤ ਹੀ ਦੁਖੀ ਤੇ ਭਰੇ ਮਨ ਨਾਲ ਦੱਸਿਆ ਕਿ ਪਿਤਾ ਦੀ ਮੌਤ ਹੋ ਜਾਣ ਕਾਰਨ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਿਆ ਹੈ ਤੇ ਹੁਣ ਉਸ ਦੀ ਮਾਤਾ ਵੀ ਜ਼ਿਆਦਾ ਬਿਮਾਰ ਹੋਣ ਕਾਰਨ ਮੰਜੇ ਉਤੇ ਪਈ ਹੈ। ਇਸ ਲਈ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਲਗਾਉਣ ਵਾਲੇ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਰਾਸ਼ੀ ਵਾਪਸ ਕਰਵਾਈ ਜਾਵੇ।
ਇਹ ਵੀ ਪੜ੍ਹੋ : School Van Accident: ਜਗਰਾਉਂ 'ਚ ਸਕੂਲ ਵੈਨ ਦਰੱਖਤ ਨਾਲ ਟਕਰਾਈ, ਇੱਕ ਬੱਚੇ ਦੀ ਮੌਤ, ਪੰਜਾਬ ਸਰਕਾਰ ਨੇ ਲਿਆ ਐਕਸ਼ਨ