Punjab CM Bhagwant Mann Birthday: ਕਾਮੇਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦੇ ਜੀਵਨ `ਚ `16 ਨੰਬਰ` ਬੇਹੱਦ ਖਾਸ
Punjab CM Bhagwant Mann Birthday News: ਭਗਵੰਤ ਮਾਨ ਇੱਕ ਆਮ ਪਰਿਵਾਰ ਵਿੱਚੋਂ ਹਨ। ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਪੰਜਾਬ ਪੀਪਲਜ਼ ਪਾਰਟੀ ਤੋਂ ਕੀਤੀ ਸੀ। ਕੁਝ ਹੀ ਸਾਲਾਂ `ਚ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ ਹਨ।
Punjab CM Bhagwant Mann Birthday News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਾਲ ਦੇ ਹੋ ਗਏ ਹਨ। ਭਗਵੰਤ ਮਾਨ ਦਾ ਕਾਮੇਡੀਅਨ ਤੋਂ ਸਿਆਸਤਦਾਨ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਰਹਿਣਗੇ। ਮੁੱਖ ਮੰਤਰੀ ਜਨਮਦਿਨ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਪੂਰੇ ਦਿਨ ਪਿੰਡ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲਣਗੇ।
ਦੱਸ ਦੇਈਏ ਕਿ ਭਗਵੰਤ ਮਾਨ ਪਿਛਲੇ ਸਾਲ ਮਾਰਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਮੁੱਖ ਮੰਤਰੀ ਬਣਨ ਤੋਂ ਬਾਅਦ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਨਵਾਂਸ਼ਹਿਰ ਦੇ ਖਟਕੜ ਕਲਾਂ ਪੁੱਜੇ ਸਨ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਬਾਅਦ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। ਦਰਅਸਲ 16 ਮਾਰਚ 2022 ਨੂੰ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣੇ।
ਕਾਮੇਡੀਅਨ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦਾ ਸਫਰ
ਕਾਮੇਡੀਅਨ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦਾ ਸਫਰ ਭਗਵੰਤ ਮਾਨ ਦਾ ਸੌਖਾ ਨਹੀਂ ਰਿਹਾ ਪਰ ਇਸ ਸਫਰ 'ਚ ਖਾਸ ਰੋਲ ਨਿਭਾਇਆ 16 ਦੇ ਅੰਕੜੇ ਨੇ। ਭਗਵੰਤ ਮਾਨ ਦੇ ਨਾਲ ਇਹ ਅੰਕੜਾ ਵਿਸ਼ੇਸ ਤੌਰ ਤੇ ਜੁੜਿਆ ਹੈ, ਆਖਰ ਕੀ ਹੈ ਇਹ 16 ਦਾ ਅੰਕੜਾ। ਆਓ ਦੱਸਦੇ ਹਾਂ।
16 ਮਈ 1992 ਭਗਵੰਤ ਮਾਨ ਦੀ ਪਹਿਲੀ ਕੈਸਿਟ 'Gobhi Diye Kacchiye Vaparne' ਆਈ ਸੀ ਉਸ ਤੋਂ ਬਾਅਦ 16 ਦਸੰਬਰ 1992 ਹੀ ਭਗਵੰਤ ਦੀ ਦੂਸਰੀ ਕੈਸਿਟ 'ਕੁਲਫੀ ਗਰਮਾ ਗਰਮ' ਆਈ ਜਿਸ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਹਰ ਘਰ ਤੱਕ ਭੇਜ ਦਿੱਤਾ।
16 ਨੂੰ ਹੀ ਭਗਵੰਤ ਮਾਨ ਨੇ ਸਭ ਤੋਂ ਦੁੱਖ ਭਰੀ ਘੜੀ ਦੇਖੀ ਜਦੋਂ ਭਗਵੰਤ ਮਾਨ ਦੇ ਪਿਤਾ ਮਹਿੰਦਰ ਸਿੰਘ 16 ਮਈ 2011 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡਕੇ ਚਲੇ ਗਏ।
ਹੁਣ ਇੱਕ ਵਾਰ ਫਿਰ 16 ਤਰੀਕ ਭਗਵੰਤ ਮਾਨ ਦੀ ਜ਼ਿੰਦਗੀ ਬਦਲਣ ਗਈ ।
16 ਮਾਰਚ 2022 ਹੀ ਨੂੰ ਭਗਵੰਤ ਮਾਨ ਪੰਜਾਬ ਦੀ 16 ਵੀਂ ਵਿਧਾਨ ਸਭਾ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ।
ਭਗਵੰਤ ਮਾਨ ਨਾਲ ਜੁੜੀਆਂ ਕੁਝ ਖਾਸ ਗੱਲਾਂ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ੀਮਾ ਮੰਡੀ ਨੇੜੇ ਪਿੰਡ ਸਤੋਜ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਪੇਸ਼ੇ ਤੋਂ ਅਧਿਆਪਕ ਸਨ ਅਤੇ ਉਹਨਾਂ ਦੀ ਮਾਤਾ ਹਰਪਾਲ ਕੌਰ ਇੱਕ ਘਰੇਲੂ ਔਰਤ ਹੈ। ਭਗਵੰਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਪਰੋਸੀ ਚੀਮਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਅੱਗੇ ਦੀ ਪੜ੍ਹਾਈ ਲਈ ਉਸਨੇ ਊਧਮ ਸਿੰਘ ਕਾਲਜ ਤੋਂ 12ਵੀਂ ਪਾਸ ਕੀਤੀ ਅਤੇ ਉੱਚ ਪੱਧਰੀ ਪੜ੍ਹਾਈ ਲਈ ਬੀ.ਕਾਮ ਕਰਨ ਲਈ ਇਸੇ ਕਾਲਜ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਬਾਅਦ 1992 ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਭਗਵੰਤ ਮਾਨ ਖੇਡਾਂ ਦੇ ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ।
ਪਹਿਲੀ ਪਤਨੀ ਤੋਂ ਤਲਾਕ ਲੈ ਕੇ ਇਸ ਸਾਲ ਕੀਤਾ ਦੂਜਾ ਵਿਆਹ
ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਹਨ, ਇਕ ਪੁੱਤਰ ਅਤੇ ਇਕ ਬੇਟੀ। ਉਸ ਦੀ ਪਹਿਲੀ ਪਤਨੀ ਬੱਚਿਆਂ ਨਾਲ ਅਮਰੀਕਾ ਵਿੱਚ ਰਹਿ ਰਹੀ ਹੈ। ਆਪਣੀ ਮਾਂ ਅਤੇ ਪਰਿਵਾਰ ਦੇ ਜ਼ੋਰ ਪਾਉਣ ਤੋਂ ਬਾਅਦ ਭਗਵੰਤ ਮਾਨ ਨੇ ਦੂਜਾ ਵਿਆਹ ਕਰ ਲਿਆ। ਉਸ ਦਾ ਵਿਆਹ ਇਸੇ ਸਾਲ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ।
ਭਗਵੰਤ ਮਾਨ ਦਾ ਰਾਜਨੀਤਿਕ ਕਰੀਅਰ ਕਿਵੇਂ ਹੋਇਆ ਸ਼ੁਰੂ
ਉਹਨਾਂ ਦਾ ਸਫ਼ਰ ਇੱਕ ਕਾਮੇਡੀਅਨ ਵਜੋਂ ਸੀ। ਉਹਨਾਂ ਨੇ ਸੁਨਾਮ ਸ਼ਹੀਦ ਊਧਮ ਸਿੰਘ ਕਾਲਜ ਸੰਗਰੂਰ ਵਿੱਚ ਕਾਮੇਡੀ ਅਤੇ ਕਵਿਤਾ ਦੇ ਕਈ ਮੁਕਾਬਲੇ ਜਿੱਤੇ।
ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਬਾਅਦ ਵਿੱਚ ਉਹ 2011 ਵਿੱਚ ਰਾਜਨੀਤੀ ਵਿੱਚ ਸ਼ਾਮਲ ਹੋਏ। ਉਹ ਸੰਗਰੂਰ ਲੋਕ ਸਭਾ ਸੀਟ ਤੋਂ ਦੋ ਵਾਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਹੇ। ਭਗਵੰਤ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕਮਾਨ ਵੀ ਸੰਭਾਲੀ ਅਤੇ ਪੰਜਾਬ ‘ਆਪ’ ਦੇ ਪ੍ਰਧਾਨ ਬਣੇ।
ਇਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਆਏ ਅਤੇ 2014 ਵਿੱਚ ਪਹਿਲੀ ਵਾਰ ਸੰਗਰੂਰ ਤੋਂ ਸੰਸਦ ਮੈਂਬਰ ਬਣੇ, ਜਿਸ ਤੋਂ ਬਾਅਦ ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਜੇਤੂ ਰਹੇ।
ਆਮ ਆਦਮੀ ਪਾਰਟੀ ਨੇ ਔਨਲਾਈਨ ਪੋਲ ਰਾਹੀਂ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਲਈ ਚੁਣਿਆ ਸੀ। ਕਾਮੇਡੀਅਨ ਦਾ ਅਕਸ ਬਦਲਣ ਲਈ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਭਗਵੰਤ ਮਾਨ ਨੇ ਆਪਣੇ ਆਪ ਨੂੰ ਪੇਸ਼ੇ ਤੋਂ ਸਿਆਸਤਦਾਨ ਦੱਸਿਆ ਹੈ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਹਮਾਇਤ ਕਰਦਿਆਂ ਜ਼ੋਰਦਾਰ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਸਨ।
'ਆਪ' ਨੇ 117 'ਚੋਂ 92 ਸੀਟਾਂ ਜਿੱਤੀਆਂ
ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮਾਨ ਲਈ ਟਰਨਿੰਗ ਪੁਆਇੰਟ ਸਾਬਤ ਹੋਈਆਂ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਇਆ ਸੀ। ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਹਨ। ਸੱਤਾਧਾਰੀ ਕਾਂਗਰਸ ਚੋਣਾਂ ਵਿੱਚ ਪੂਰੀ ਤਰ੍ਹਾਂ ਹਾਰ ਗਈ ਸੀ। ਕਾਂਗਰਸ ਸਿਰਫ਼ 18 ਸੀਟਾਂ 'ਤੇ ਸਿਮਟ ਗਈ ਜਦਕਿ ਅਕਾਲੀ ਦਲ 3 ਸੀਟਾਂ 'ਤੇ ਸਿਮਟ ਗਿਆ।
ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 300 ਯੂਨਿਟ ਮੁਫ਼ਤ ਬਿਜਲੀ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਮਾਨ ਨੇ ਭ੍ਰਿਸ਼ਟਾਚਾਰ ਵਿਰੁੱਧ ਵੀ ਵੱਡੀ ਮੁਹਿੰਮ ਛੇੜੀ ਹੋਈ ਹੈ।
ਅਜਿਹਾ ਰਿਹਾ ਚੋਣ ਸਫ਼ਰ
-ਮਾਨ ਨੇ 2012 'ਚ ਪੀਪੀਪੀ ਤੋਂ ਹਲਕਾ ਲਹਿਰਾ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ।
-ਭਗਵੰਤ ਪਹਿਲੀ ਚੋਣ ਵਿੱਚ ਰਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ।
-2014 'ਚ ਉਨ੍ਹਾਂ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੇ।
-ਸਾਲ 2019 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੰਸਦ ਵਿੱਚ ਪਹੁੰਚੇ।
-ਸਾਲ 2022 ਵਿੱਚ ਉਨ੍ਹਾਂ ਨੇ ਧੂਰੀ ਤੋਂ ਚੋਣ ਲੜੀ ਅਤੇ 50 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਕਿਉਂ ਬੰਨ੍ਹਦੇ ਹਨ ਪੀਲੀ ਪੱਗ
ਭਗਵੰਤ ਮਾਨ ਨੂੰ ਅਕਸਰ ਪੀਲੀ ਪੱਗ ਬੰਨ ਕੇ ਦੇਖਿਆ ਜਾਂਦਾ ਹੈ। ਜਦੋਂ ਤੋਂ ਭਗਵੰਤ ਮਾਨ ਨੇ ਸਿਆਸਤ ਸ਼ੁਰੂ ਕੀਤੀ ਹੈ, ਉਦੋਂ ਤੋਂ ਉਨ੍ਹਾਂ ਨੂੰ ਸਿਰਫ਼ ਪੀਲੀ ਪੱਗ ਬੰਨ੍ਹੀ ਹੀ ਦੇਖਿਆ ਹੋਵੇਗਾ। ਦੱਸ ਦੇਈਏ ਕਿ ਇਸਦੇ ਪਿੱਛੇ ਇੱਕ ਖਾਸ ਕਾਰਨ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ ਪਹਿਲੀ ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਗਏ ਸਨ। ਉੱਥੇ ਉਨ੍ਹਾਂ ਕਿਹਾ ਸੀ ਕਿ ਲੋਕ ਸਭਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਬੰਬ ਸੁੱਟੇ ਗਏ ਸਨ, ਮੈਂ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ ਅਤੇ ਪੀਲੀ ਰੰਗ ਦੀ ਪੱਗ ਬੰਨ੍ਹਦਾ ਰਹਾਂਗਾ। ਮਾਨ ਨੇ ਇਹ ਵੀ ਕਿਹਾ ਸੀ ਕਿ ਪੀਲੀ ਪੱਗ ਹੁਣ ਉਨ੍ਹਾਂ ਦੀ ਪਛਾਣ ਹੈ।