ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ’ਚੋਂ ਇੱਕ ਗਾਰੰਟੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗਾਰੰਟੀ ਦਿੱਤੀ ਗਈ ਸੀ, ਜਿਸਨੂੰ ਕਿ ਸਰਕਾਰ ਵਲੋਂ ਪੂਰਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।   


COMMERCIAL BREAK
SCROLL TO CONTINUE READING


ਪੰਜਾਬ ’ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ 1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕੀਤੇ ਗਏ ਹਨ। ਇਸ ਤਰ੍ਹਾਂ 27 ਜੁਲਾਈ ਤੋਂ 28 ਅਗਸਤ ਤੱਕ ਘਰੇਲੂ ਤਕਰੀਬਨ 42 ਲੱਖ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਹਨ, ਜਿਨ੍ਹਾਂ ਵਿਚੋਂ ਕੁਲ 25 ਲੱਖ ਘਰਾਂ ਦੇ ਬਿਜਲੀ ਬਿੱਲ 'ਜ਼ੀਰੋ' (Zero Electricity Bill) ਆਏ ਹਨ। 


 



'ਆਪ' ਸਰਕਾਰ ਨੇ ਪਹਿਲੇ ਪੜਾਅ ’ਚ ਕੀਤੀ ਗਾਰੰਟੀ ਪੂਰੀ ਕੀਤੀ: ਈਟੀਓ
ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ,ਕਿਉਂਕਿ 25 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿੱਲ ਇਸ ਵਾਰ ‘ਜ਼ੀਰੋ’ ਆਇਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਸ਼ੁਰੂਆਤੀ ਦੌਰ ’ਚ ਹੀ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ, ਨਹੀਂ ਤਾਂ ਪਹਿਲੀਆਂ ਸਰਕਾਰਾਂ ਸੱਤਾ ਦੇ ਆਖ਼ਰੀ ਪੜਾਅ ’ਚ ਹੀ ਵਾਅਦੇ ਪੂਰੇ ਕਰਦੀਆਂ ਸਨ।



ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਿਜਲੀ ਮੁਆਫ਼ੀ ਯੋਜਨਾ ’ਚ ਕਿਸੇ ਨਾਲ ਵੀ ਜਾਤਪਾਤ ਜਾਂ ਧਰਮ ਸਬੰਧੀ ਵਿਤਕਰਾ ਨਹੀਂ ਕੀਤਾ ਗਿਆ। ਹਰੇਕ ਘਰ ਜੋ ਵੀ 2 ਮਹੀਨਿਆਂ ਦੌਰਾਨ 600 ਯੂਨਿਟ ਤੱਕ ਖ਼ਪਤ ਕਰੇਗਾ, ਉਨ੍ਹਾਂ ਦਾ (Electricity Bill) ਬਿੱਲ ਜ਼ੀਰੋ ਆਏਗਾ।


 



ਸਰਦੀ ਦੇ ਮੌਸਮ ’ਚ ਵੱਧ ਲੋਕਾਂ ਦੇ ਬਿੱਲ ਆਉਣਗੇ 'ਜ਼ੀਰੋ'
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ ਕੁੱਲ 72 ਲੱਖ ਘਰੇਲੂ ਖਪਤਕਾਰਾਂ ਵਿਚੋਂ 42 ਲੱਖ ਖਪਤਕਾਰਾਂ ਨੂੰ ਬਿਲ ਭੇਜ ਦਿੱਤਾ ਗਿਆ ਸੀ, ਜਿਸ ਵਿਚੋਂ 25 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਲ ਆਇਆ ਹੈ। ਇਸ ਤੋਂ ਇਲਾਵਾ 34 ਲੱਖ ਪਰਿਵਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਨਾਲ ਰਿਆਇਤੀ ਬਿਜਲੀ ਦਾ ਲਾਭ ਮਿਲਿਆ ਹੈ। ਮੰਤਰੀ ਈਟੀਓ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿਚ ਕਰੀਬ 85 ਫ਼ੀਸਦ ਖਪਤਕਾਰਾਂ ਨੂੰ ਬਿਜਲੀ ਮੁਆਫੀ ਦਾ ਲਾਭ ਮਿਲੇਗਾ।