ਚੰਡੀਗੜ੍ਹ- ਲੰਮੇ ਵਿਵਾਦ ਤੇ ਸਿਆਸਤ ਤੋਂ ਬਾਅਦ ਆਖਿਰਕਾਰ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਡਾ. ਰਾਜ ਬਹਾਦਰ ਨੇ ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ਕੀਤੇ ਗਏ ਮਾੜੇ ਵਤੀਰੇ ਦੇ ਕਾਰਨ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਰਾਜ ਬਹਾਦੁਰ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।


COMMERCIAL BREAK
SCROLL TO CONTINUE READING

ਕੀ ਸੀ ਵਿਵਾਦ?


ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ’ਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਚਾਨਕ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਜਿੱਥੇ ਹੋਰ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਈਆਂ ਸਨ, ਉੱਥੇ ਹਸਪਤਾਲ ਦੇ ਚਮੜੀ ਵਿਭਾਗ ਵਿਚ ਲੱਗੇ ਬੈੱਡਾਂ ਦੇ ਗਲੇ ਸੜੇ ਗੱਦਿਆਂ ਨੂੰ ਵੇਖ ਕੇ ਸਿਹਤ ਮੰਤਰੀ ਵੱਲੋਂ ਆਪਣੇ ਗੁੱਸੇ ਨੂੰ ਨਾ ਰੋਕੇ ਜਾਣ ਦੀ ਸੂਰਤ ਵਿੱਚ ਮੌਕੇ ’ਤੇ ਮੌਜੂਦ ਵੀ.ਸੀ ਡਾ. ਰਾਜ ਬਹਾਦਰ ਨੂੰ ਉਸੇ ਗਲੇ ਸੜੇ ਗੱਦੇ ’ਤੇ ਲਿਟਾ ਦਿੱਤਾ ਗਿਆ ਸੀ। ਇਸ ਕਾਰਵਾਈ ਨੂੰ ਸਹਿਣ ਨਾ ਕਰਦਿਆਂ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।


ਮੁੱਖ ਮੰਤਰੀ ਵੱਲੋਂ ਕੀਤੀ ਗਈ ਸੀ ਮਨਾਉਣ ਦੀ ਕੋਸ਼ਿਸ਼


ਅਸਤੀਫ਼ੇ ਤੋਂ ਬਾਅਦ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਡਾਕਟਰਾਂ ਦੀਆ ਜਥੇਬੰਦੀਆਂ ਵੱਲੋਂ ਸਿਹਤ ਮੰਤਰੀ ਦੇ ਰਵੱਈਏ ਨੂੰ ਲੇ ਕੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ।  ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡਾ. ਰਾਜ ਬਹਾਦੁਰ ਮੇਰੇ ਬਹੁਤ ਵਧੀਆ ਮਿੱਤਰ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੂੰ ਸਪਾਈਨਲ ਕੋਰਡ ’ਤੇ ਇੰਜਰੀ ਹੋ ਗਈ ਸੀ ਤਾਂ ਉਹ ਉਸ ਵੇਲੇ 32 ਸੈਕਟਰ ’ਚ ਮੈਡੀਕਲ ਕਾਲਜ ’ਚ ਪ੍ਰਿੰਸੀਪਲ ਸਨ। ਕੰਮ ਦੌਰਾਨ ਇਹੋ ਜਿਹੀਆਂ ਤਲਖੀਆਂ ਹੋ ਜਾਂਦੀਆਂ ਹਨ ਤੇ ਮੈਂ ਮੰਨਦਾ ਹਾਂ ਕਿ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਵੀ ਹੈਂਡਲ ਕੀਤਾ ਜਾ ਸਕਦਾ ਸੀ। ਪਰ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵੀ ਡਾ. ਰਾਜ ਬਹਾਦੁਰ ਦਾ ਗੁੱਸਾ ਬਰਕਰਾਰ ਰਿਹਾ ਜਿਸਤੋਂ ਬਾਅਦ ਹੁਣ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ।


WATCH LIVE TV