Samrala News: ਸਮਰਾਲਾ ਤਹਿਸੀਲ `ਚ ਹਾਈ ਵੋਲਟੇਜ ਡਰਾਮਾ; ਇੰਤਕਾਲ ਬਦਲੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼
ਅੱਜ ਸਮਰਾਲਾ ਤਹਿਸੀਲ ਵਿੱਚ ਹੰਗਾਮਾ ਹੋਇਆ ਜਿਸ ਵਿੱਚ ਸਮਰਾਲਾ ਤਹਿਸੀਲ ਵਿੱਚ ਤਾਇਨਾਤ ਪਟਵਾਰੀ ਚਮਨ ਲਾਲ ਉਤੇ ਪਿੰਡ ਮਾਣਕੀ ਦੀ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਦੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਉਤੇ ਮਿਲੀਭੁਗਤ ਦੇ ਦੋਸ਼ ਲੱਗੇ। ਇਸ ਸਬੰਧ ਵਿੱਚ ਪੀੜਤ ਪਰਿਵਾਰ ਤੇ ਉਨ੍ਹਾਂ ਸਾਥੀਆਂ ਵ
Samrala News (ਵਰੁਣ ਕੌਸ਼ਲ): ਅੱਜ ਸਮਰਾਲਾ ਤਹਿਸੀਲ ਵਿੱਚ ਹੰਗਾਮਾ ਹੋਇਆ ਜਿਸ ਵਿੱਚ ਸਮਰਾਲਾ ਤਹਿਸੀਲ ਵਿੱਚ ਤਾਇਨਾਤ ਪਟਵਾਰੀ ਚਮਨ ਲਾਲ ਉਤੇ ਪਿੰਡ ਮਾਣਕੀ ਦੀ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਦੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਉਤੇ ਮਿਲੀਭੁਗਤ ਦੇ ਦੋਸ਼ ਲੱਗੇ।
ਇਸ ਸਬੰਧ ਵਿੱਚ ਪੀੜਤ ਪਰਿਵਾਰ ਤੇ ਉਨ੍ਹਾਂ ਸਾਥੀਆਂ ਵੱਲੋਂ ਸਮਰਾਲਾ ਤਹਿਸੀਲ ਵਿੱਚ ਤਹਿਸੀਲ ਦੇ ਗੇਟ ਤੋਂ ਨਾਇਬ ਤਹਿਸੀਲਦਾਰ ਦੇ ਦਫ਼ਤਰ ਤੱਕ ਜਮਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿੱਚ ਪਿੰਡ ਮਾਣਕੀ ਦੇ ਪੀੜਤ ਪਰਿਵਾਰ ਨੇ ਪਟਵਾਰੀ ਚਮਨ ਲਾਲ ਅਤੇ ਨਾਇਬ ਤਹਿਸੀਲਦਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਨਾਅਰੇਬਾਜ਼ੀ ਤੋਂ ਬਾਅਦ ਸੈਂਕੜੇ ਲੋਕ ਸਮਰਾਲਾ ਤਹਿਸੀਲ ਵਿੱਚ ਇਕੱਠੇ ਹੋ ਗਏ।
7 ਕਿਲਿਆਂ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼
ਪੀੜਤ ਪਰਿਵਾਰ ਤੇ ਉਨ੍ਹਾਂ ਸਾਥੀਆਂ ਵੱਲੋਂ ਦੋਸ਼ ਲਗਾਇਆ ਗਿਆ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਪੀੜਤ ਜਸਬੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦਾ ਇੰਤਕਾਲ ਲਈ ਕਰੀਬ ਨੌਂ ਮਹੀਨਿਆਂ ਤੋਂ ਸਮਰਾਲਾ ਤਹਿਸੀਲ ਵਿੱਚ ਚੱਕਰ ਲਗਾ ਰਿਹਾ ਹੈ ਤੇ ਹੁਣ ਤੱਕ 20 ਹਜ਼ਾਰ ਰੁਪਏ ਰਿਸ਼ਵਤ ਪਟਵਾਰੀ ਚਮਨ ਲਾਲ ਨੂੰ ਪੀੜਤ ਪਰਿਵਾਰ ਵੱਲੋਂ ਦੇ ਚੁੱਕੇ ਹਨ ਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਲਈ ਮੰਗ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਮਿਲੀਭੁਗਤ ਦੇ ਵੀ ਇਲਜ਼ਾਮ ਪੀੜਤ ਪਰਿਵਾਰ ਵੱਲੋਂ ਲਗਾਏ ਗਏ। ਜਦੋਂ ਪੀੜਤ ਪਰਿਵਾਰ ਅਤੇ ਉਨ੍ਹਾਂ ਸਾਥੀ ਇਸ ਸਬੰਧੀ ਸਮਰਾਲਾ ਨਾਇਬ ਤਹਿਸੀਲਦਾਰ ਨੂੰ ਮਿਲੇ ਤਾਂ ਸਮਰਾਲਾ ਤਹਿਸੀਲਦਾਰ ਵੱਲੋਂ ਇਹ ਮਾਮਲਾ ਐਸਡੀਐਮ ਸਮਰਾਲਾ ਕੋਲ ਭੇਜਣ ਬਾਰੇ ਕਿਹਾ ਗਿਆ।
ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਸਾਲ 2022 ਵਿੱਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਇਸ ਜ਼ਮੀਨ ਦੇ ਪੰਜ ਹਿੱਸੇਦਾਰ ਉਹ ਆਪਣੇ ਨਾਮ ਜ਼ਮੀਨ ਕਰਵਾਉਣਾ ਚਾਹੁੰਦੇ ਹਨ ਅਤੇ ਪਟਵਾਰੀ ਚਮਨ ਲਾਲ ਅਤੇ ਸਮਰਾਲਾ ਤਹਿਸੀਲਦਾਰ ਇਸ ਬਾਰੇ ਜਾਣਦੇ ਹਨ ਅਤੇ ਜ਼ਮੀਨ ਦੇ ਇੰਤਕਾਲ ਲਈ 7 ਲੱਖ ਰਿਸ਼ਵਤ ਮੰਗ ਰਹੇ ਹਨ।
ਜਸਵੀਰ ਸਿੰਘ ਨੇ ਕਿਹਾ ਕਿ ਉਸ ਦੇ ਘਰ ਦੀ ਹਾਲਤ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਉਸ ਨੇ ਆਪਣੇ ਬੱਚੇ ਸਕੂਲ ਦੀ ਬੱਸ ਵੈਨ ਵਿੱਚ ਵੀ ਜਾਣ ਤੋਂ ਹਟਾ ਲਏ ਹਨ ਅਤੇ ਪੈਸਿਆਂ ਦੇ ਲੈਣਦਾਰ ਘਰੇ ਗੇੜੇ ਮਾਰਦੇ ਹਨ ਪਰ ਇਸ ਹਾਲਤ ਨੂੰ ਦੇਖ ਕੇ ਵੀ ਪਟਵਾਰੀ ਸ਼ਰੇਆਮ ਰਿਸ਼ਵਤ ਮੰਗ ਰਿਹਾ ਹੈ ਅਤੇ ਹੁਣ ਤੱਕ ਉਹ 20 ਹਜ਼ਾਰ ਰੁਪਏ ਰਿਸ਼ਵਤ ਪਟਵਾਰੀ ਨੂੰ ਦੇ ਚੁੱਕੇ ਹਨ।
ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਦਾ ਇੰਤਕਾਲ 11 ਜੁਲਾਈ 2024 ਨੂੰ ਹੋਣਾ ਸੀ ਅਤੇ ਇਸ ਸਬੰਧਤ ਪਟਵਾਰੀ ਚਮਨ ਲਾਲ ਸੱਤ ਕਿਲਿਆਂ ਦੇ ਇੰਤਕਾਲ ਲਈ 7 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ ਜੋ ਨਿੰਦਣਯੋਗ ਹੈ। ਇਸ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਵੀ ਮਿਲੀਭੁਗਤ ਹੈ। ਜਦੋਂ ਪਟਵਾਰੀ ਚਮਨ ਲਾਲ ਨੇ ਬਿਨਾਂ ਰਿਸ਼ਵਤ ਲਏ ਇੰਤਕਾਲ ਕਰਨ ਤੋਂ ਨਾ ਕਰ ਦਿੱਤੀ ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਐਸਡੀਐਮ ਸਮਰਾਲਾ ਨੂੰ ਮੁਤਨਾਜਾ ਕਰਨ ਭੇਜ ਦਿੰਦੇ ਹਨ ਜੋ ਕਿ ਗਲਤ ਹੈ।
20 ਹਜ਼ਾਰ ਪਹਿਲਾਂ ਹੀ ਰਿਸ਼ਵਤ ਦੇ ਚੁੱਕੇ-ਪੀੜਤ
ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਪਟਵਾਰੀ ਚਮਨ ਲਾਲ ਨੂੰ 20 ਹਜ਼ਾਰ ਰਿਸ਼ਵਤ ਵੀ ਦੇ ਚੁੱਕੇ ਹਨ ਅਤੇ ਅਜੇ ਵੀ ਉਹ 7 ਲੱਖ ਰੁਪਏ ਹੋਰ ਰਿਸ਼ਵਤ ਮੰਗ ਰਿਹਾ ਹੈ। ਜੇ ਕੋਈ ਹੱਲ ਨਾ ਹੋਇਆ ਤਾਂ ਉਹ ਧਰਨਾ ਰੋਸ ਪ੍ਰਦਰਸ਼ਨ ਕਰਨਗੇ ਅਤੇ ਜੇਕਰ ਪੀੜਤ ਪਰਿਵਾਰ ਨੇ ਆਰਥਿਕ ਹਾਲਤ ਕਾਰਨ ਆਤਮਹੱਤਿਆ ਕਰ ਲਈ ਤਾਂ ਇਸ ਦੇ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਵੇਗਾ।
ਇਸ ਸਬੰਧ ਵਿੱਚ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਮਾਮਲਾ ਆਇਆ ਸੀ ਤੇ ਕਾਗਜ਼ਾਂ ਵਿੱਚ ਲਿਖਿਆ ਗਿਆ ਸੀ ਕਿ ਇਸ ਜ਼ਮੀਨ ਦਾ ਕੁਰਸੀਨਾਮਾ ਨਹੀਂ ਹੋਇਆ ਹੈ। ਇਸ ਕਰਕੇ ਉਨ੍ਹਾਂ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਨਾਇਬ ਤਹਿਸੀਲਦਾਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਰਿਸ਼ਵਤ ਸਬੰਧੀ ਉਨ੍ਹਾਂ ਕੋਲ ਆਵੇਗੀ ਤਾਂ ਉਹ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਨਗੇ।