ਬਿਲਾਵਲੁ ਮਹਲਾ ੫ ॥ ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮੑ ਪਿਤਾ ਕਿਰਪਾਲ ॥੧॥ ਰਹਾਉ ॥ ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮੑਰੀ ਘਾਲ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥ ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥ ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥


COMMERCIAL BREAK
SCROLL TO CONTINUE READING


ਅਰਥ: ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ ਔਗੁਣਾਂ ਤੋਂ ਮੇਰੀ ਰਾਖੀ ਕਰ। ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ ਜੀਵ ਤੁਹਾਡੇ ਹਾਂ, ਤੁਸੀਂ ਸਾਡੇ ਪਾਲਣਹਾਰ ਪਿਤਾ ਹੋ। ਰਹਾਉ। ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ। ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵ੍ਹਡਾ ਹੈ- ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।ਅਸਾਂ ਜੀਵਾਂ ਦਾ ਇਹ ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।੧। ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ। ਹੇ ਨਾਨਕ! ਆਖ- ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ।੨।੫।੧੨੧।