ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਜੁਲਾਈ 2022
ਰਾਮਕਲੀ ਮਹਲਾ ੫ ॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥
ਰਾਮਕਲੀ ਮਹਲਾ ੫ ॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥ ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
ਅਰਥ: ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ) । ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ । ਉਹ ਪਦਾਰਥ ਹੈ—ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ।੧। ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ । (ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।੧।ਰਹਾਉ।
ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ । ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ । (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ । ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ।੨। ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ । ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ । ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ । ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ ।੩। ਹੇ ਨਾਨਕ! ਆਖ—ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) । ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤਿ੍ਰਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ ।੪।੪।