ਜੈਤਸਰੀ ਮਹਲਾ 9 ॥ ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥1॥ ਰਹਾਉ ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥1॥ ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਿਸ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥2॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥3॥2॥


COMMERCIAL BREAK
SCROLL TO CONTINUE READING

ਜੈਤਸਰੀ ਮਹਲਾ 9 ॥ ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ । ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ।1। ਰਹਾਉ। ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ । ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ।1। ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ । (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ।2। ਹੇ ਨਾਨਕ! (ਆਖ—ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ।3।2।


WATCH LIVE TV