ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13 ਨਵੰਬਰ 2022
Hukamnama Sri Darbar Sahib: ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥...
Hukamnama Sri Darbar Sahib Today: ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ। ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨। (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩। ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪। (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫। ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬। (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) । ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭। ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।