ਇਸ਼ਕ ’ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਮਿਲਕੇ ਕੀਤੀ ਘਰਵਾਲੇ ਦੀ ਹੱਤਿਆ
ਲੁਧਿਆਣਾ ਦੇ ਜਗਰਾਓਂ ’ਚ ਇੱਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ: ਲੁਧਿਆਣਾ ਦੇ ਜਗਰਾਓਂ ’ਚ ਇੱਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਹਠੂਰ ਦੇ ਐੱਸਐੱਚਓ (SHO) ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਮਾਤਾ ਬਲਵੀਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮਰਨ ਵਾਲੇ ਇੰਦਰਜੀਤ ਸਿੰਘ ਦੀ ਮਾਤਾ ਬਲਵੀਰ ਕੌਰ ਦੇ ਮੁਤਾਬਕ ਉਸਦਾ ਪੁੱਤਰ ਪਿੰਡ ਦੇ ਗੁਰਦੁਆਰੇ ’ਚ ਪਾਠੀ ਸੀ। 6 ਸਤੰਬਰ ਨੂੰ ਰਾਤ ਤਕਰੀਬਨ 9 ਵਜੇ ਗੁਰਦੁਆਰਾ ਸਾਹਿਬ ’ਚ ਪਾਠ ਕਰਕੇ ਵਾਪਸ ਆਇਆ ਤੇ ਰੋਟੀ ਖਾਣ ਤੋਂ ਬਾਅਦ ਆਪਣੇ ਕਮਰੇ ’ਚ ਸੌਣ ਲਈ ਚਲਾ ਗਿਆ।
ਅਗਲੇ ਦਿਨ ਉਹ ਸਵੇਰੇ ਇਸ਼ਨਾਨ ਕਰਕੇ ਪਾਠ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਚਲੀ ਗਈ। ਜਦੋਂ 8 ਵਜੇ ਵਾਪਸ ਆਈ ਤਾਂ ਉਸਨੇ ਜੋ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਵੇਖਿਆ ਕਿ ਉਸਦੇ ਪੁੱਤਰ ਇੰਦਰਜੀਤ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਪਤਨੀ ਕਿਰਨਦੀਪ ਕੌਰ ਲਾਸ਼ ਕੋਲ ਬੈਠੀ ਵਿਰਲਾਪ ਕਰ ਰਹੀ ਹੈ।
ਉਹ ਵੀ ਆਪਣੇ ਪੁੱਤਰ ਨੂੰ ਮ੍ਰਿਤ ਵੇਖਕੇ ਹੋਸ਼ ਗਵਾ ਬੈਠੀ। ਪੁੱਤਰ ਦੀ ਸ਼ਰੀਰ ’ਤੇ ਜ਼ਖਮ ਜਾਂ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ, ਜਿਸਦੇ ਚੱਲਦਿਆਂ ਉਸਨੇ 174 ਦੀ ਕਾਰਵਾਈ ਤੋਂ ਬਾਅਦ ਇੰਦਰਜੀਤ ਦਾ ਸੰਸਕਾਰ ਕਰ ਦਿੱਤਾ।
ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਬਾਅਦ ’ਚ ਉਸਨੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਤਾਂ ਸਾਹਮਣੇ ਆਇਆ ਕਿ 6 ਸਤੰਬਰ ਦੀ ਰਾਤ 11 ਵਜੇ ਤੋਂ 7 ਸਤੰਬਰ ਦੀ ਸਵੇਰ ਢਾਈ ਵਜੇ ਤੱਕ ਕੈਮਰੇ ਬੰਦ ਕੀਤੇ ਗਏ ਸਨ। ਜਿਸ ਤੋਂ ਉਸਨੂੰ ਆਪਣੀ ਨੂੰਹ ਕਿਰਨਦੀਪ ਕੌਰ ’ਤੇ ਸ਼ੱਕ ਹੋਇਆ, ਨੂੰਹ ਦੇ ਉਸਦੇ ਭਰਾ ਦੇ ਲੜਕੇ ਹਰਦੀਪ ਸਿੰਘ ਨਾਲ ਪ੍ਰੇਮ ਸਬੰਧ ਸਨ। ਕਿਰਨਦੀਪ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਇੰਦਰਜੀਤ ਨੂੰ ਗਲ਼ਾ ਘੁੱਟਕੇ ਮਾਰ ਦਿੱਤਾ।
ਪੁਲਿਸ ਵਲੋਂ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਹਰਦੀਪ ਸਿੰਘ ਦੀ ਭਾਲ ਜਾਰੀ ਹੈ।