ਜੇਕਰ CM ਭਗਵੰਤ ਮਾਨ ਵਾਕਈ ਇਮਾਨਦਾਰ ਤਾਂ ਕੈਪਟਨ ਦੇ ਘਪਲੇ ਦੀ ਜਾਂਚ ਕਰਵਾਉਣ: ਬਾਜਵਾ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤੱਲਖ਼ੀ ਇਕ ਵਾਰ ਫੇਰ ਵੱਧ ਗਈ ਹੈ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤੱਲਖ਼ੀ ਇਕ ਵਾਰ ਫੇਰ ਵੱਧ ਗਈ ਹੈ। ਇਸ ਤੋਂ ਪਹਿਲਾਂ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ (Partap singh bajwa) ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਕਰਾਅ ਹੋਇਆ ਸੀ, ਕੁਰਸੀ ਦੀ ਇਸ ਕਸ਼ਮਕੱਸ਼ ’ਚ ਕੈਪਟਨ ਜਿੱਤੇ ਸਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ।
2024 ਦੀਆਂ ਚੋਣਾਂ ਵੇਲੇ ਪਰਨੀਤ ਕੌਰ ਭਾਜਪਾ ਦੀ ਉਮੀਦਵਾਰ ਹੋਵੇਗੀ: ਬਾਜਵਾ
ਪਰ ਹੁਣ ਹਾਲਾਤ ਬਿਲਕੁਲ ਉਲਟ ਹਨ, ਅੱਜ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਬਾਹਰ ਹਨ ਤੇ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ (Leader of opposition) ਹਨ। ਬਾਜਵਾ ਨੇ ਕੈਪਟਨ ਨੂੰ ਪਟਿਆਲਾ ’ਚ ਘੇਰਦਿਆਂ ਕਿਹਾ ਕਿ ਅਸੀਂ ਆਪਣੀ ਪਾਰਟੀ ’ਚ ਨਾ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਵਾਪਸ ਲਵਾਂਗੇ ਤੇ ਨਾ ਹੀ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੂੰ। ਉਨ੍ਹਾਂ ਇਸ ਮੌਕੇ ਸਪੱਸ਼ਟ ਕੀਤਾ ਕਿ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਮਹਾਰਾਣੀ ਪਰਨੀਤ ਕੌਰ ਸਿਰਫ਼ ਆਪਣੀ ਲੋਕ ਸਭਾ ਦੀ ਮੈਂਬਰਸ਼ਿਪ ਭੰਗ ਹੋਣ ਦੇ ਡਰ ਕਾਰਨ ਕਾਂਗਰਸ ਨਾਲ ਚਿੰਬੜੇ ਹੋਏ ਹਨ। ਬਾਜਵਾ ਨੇ ਇਸ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਕਿ ਜੇਕਰ ਪਰਨੀਤ ਕੌਰ ’ਚ ਰੱਤੀ ਭਰ ਵੀ ਇਖ਼ਲਾਕ ਹੈ ਤਾਂ ਹੁਣ ਕਾਂਗਰਸ ਦਾ ਖਹਿੜਾ ਛੱਡ ਦੇਣ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ’ਚ ਪਰਨੀਤ ਕੌਰ ਭਾਜਪਾ ਵਲੋਂ ਚੋਣ ਲੜੇਗੀ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਮੁਕਾਬਲੇ ’ਚ ਉਮੀਦਵਾਰ ਖੜ੍ਹਾ ਕਰੇਗੀ।
ਬਾਜਵਾ ਨੇ ਕੈਪਟਨ ਦੀ ਗ੍ਰਿਫ਼ਤਾਰੀ ਲਈ CM ਮਾਨ ਨੂੰ ਕੀਤਾ ਚੈਲੰਜ
ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਦੇ ਗੋਡਿਆਂ ’ਚ ਜਾਨ ਹੈ ਤੇ ਉਹ ਸਹੀ ਮਾਇਨਿਆਂ ’ਚ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਘਪਲੇ ਦਾ ਜਾਂਚ ਕਰਵਾਉਣ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਦਾ ਹਵਾਲਾ ਦਿੰਦਿਆ ਕਿਹਾ ਕਿ 'ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਇਸ ਬਾਰੇ ਪੱਤਰ ਲਿਖਿਆ ਸੀ ਬਠਿੰਡਾ ’ਚ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ 3400 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ, ਉਸ ਸਮੇਂ ਦੌਰਾਨ ਮੁੱਖ ਮੰਤਰੀ ਖ਼ੁਦ ਕੈਪਟਨ ਅਮਰਿੰਦਰ ਸਿੰਘ ਸਨ। ਸੋ, ਹੁਣ CM ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਨਿਊ ਮੋਤੀ ਮਹਿਲ ’ਚ ਵਿਜੀਲੈਂਸ ਭੇਜ ਕੇ ਇਸ ਘਪਲੇ ਦੀ ਜਾਂਚ ਕਰਵਾਉਣ।
ਕਾਂਗਰਸ ਤੋਂ ਬਿਨਾਂ ਕੈਪਟਨ ਕੁਝ ਵੀ ਨਹੀਂ: ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਤੋਂ ਬਿਨਾ ਕੈਪਟਨ ਅਮਰਿੰਦਰ ਸਿੰਘ ਕੁਝ ਵੀ ਨਹੀਂ। ਕੈਪਟਨ ਹਮੇਸ਼ਾ ਕਾਂਗਰਸ ਪਾਰਟੀ ਦੀ ਬਦੌਲਤ ਪਟਿਆਲਾ ਤੋਂ ਜਿੱਤੇ ਹਨ। ਕਾਂਗਰਸ ਪਾਰਟੀ ਤੋਂ ਬਿਨਾ ਲੜੇ ਤਾਂ ਜ਼ਮਾਨਤ ਤੱਕ ਜ਼ਬਤ ਹੋ ਗਈ।