Police Raid News: ਆਈਜੀ ਗੁਰਪ੍ਰੀਤ ਭੁੱਲਰ ਨੇ ਪੁਲਿਸ ਬਲ ਨਾਲ ਪੰਜਾਬ-ਹਿਮਾਚਲ ਬਾਰਡਰ ਏਰੀਆ `ਚ ਕੀਤੀ ਛਾਪੇਮਾਰੀ
Police Raid News: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਤੇ ਹੋਰ ਗ਼ੈਰ ਸਮਾਜਕ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਪੁਲਿਸ ਨੇ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਵਿੱਚ ਛਾਪੇਮਾਰੀ ਕੀਤੀ ਹੈ।
Police Raid News: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਹਦਾਇਤਾਂ ’ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਰਾਜ ਭਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਐਸਟੀਐਫ ਦੀ ਟੀਮਾਂ ਨਾਲ ਪੰਜਾਬ ਹਿਮਾਚਲ ਦੇ ਸਰਹੱਦੀ ਇਲਾਕੇ ਗੰਭੀਰਪੁਰ ਖਡ ਬਾ-ਹੱਦ ਮਜ਼ਾਰੀ ਵਿਖੇ ਲਾਈਵ ਛਾਪੇਮਾਰੀ ਕੀਤੀ।
ਇਸ ਛਾਪੇਮਾਰੀ ਵਿੱਚ 14 ਗਜ਼ਟਿਡ ਅਫਸਰ ਤੇ 250 ਪੁਲਿਸ ਮੁਲਾਜ਼ਮ ਸ਼ਾਮਲ ਸਨ। ਇਸ ਛਾਪੇਮਾਰੀ ਵਿੱਚ 8 ਡਰੰਮ ਗੈਰ ਕਾਨੂੰਨੀ ਕੱਚੀ ਸ਼ਰਾਬ ਸਮੇਤ ਭੱਠੀ ਤੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਸੋ (ਕੋਰਡੋਨ ਐਂਡ ਸਰਚ ਆਪ੍ਰੇਸ਼ਨ) ਤਹਿਤ ਵਿਆਪਕ ਪੱਧਰ ਉਤੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਗੁਪਤ ਸੂਚਨਾ ਦੇ ਆਧਾਰ ਉਤੇ ਰੂਪਨਗਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ-ਹਿਮਾਚਲ ਦੇ ਸਰਹੱਦੀ ਇਲਾਕੇ ਗੰਭੀਰਪੁਰ ਖਡ ਬਾ-ਹੱਦ ਮਜ਼ਾਰੀ ਵਿਖੇ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੱਚੀ ਸ਼ਰਾਬ ਦੀ ਭੱਠੀ ਲਗਾਈ ਗਈ ਹੈ ਜਿਸ ਉੱਤੇ ਕਾਰਵਾਈ ਕਰਦਿਆਂ ਮੌਕੇ ਉਤੇ ਜਾ ਕੇ 8 ਡਰੰਮ ਸ਼ਰਾਬ ਦੇ ਬਰਾਮਦ ਕੀਤੇ ਗਏ ਤੇ ਹੋਰ ਬਰਾਮਦਗੀ ਲਈ ਪੁਲਿਸ ਟੀਮਾਂ ਵੱਲੋਂ ਲਗਾਤਾਰ ਤਲਾਸ਼ੀ ਲਈ ਜਾ ਰਹੀ ਹੈ।
ਗੁਰਪ੍ਰੀਤ ਭੁੱਲਰ ਨੇ ਅੱਗੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਚਲਾਈ ਤਲਾਸ਼ੀ ਮੁਹਿੰਮ ਤਹਿਤ ਅੱਜ 6 ਮੁਕੱਦਮੇ ਦਰਜ ਕਰਕੇ 5 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਕਰਾਰ ਦਿੱਤੇ 4 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਅਧੀਨ 310 ਗ੍ਰਾਮ ਹੈਰੋਇਨ ਨਾਲ ਡਰੱਗ ਮਨੀ ਵੀ ਫੜ੍ਹੀ ਗਈ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਪਏ ਭਾਰੀ ਮੀਂਹ ਨੇ ਬਣਾਇਆ ਰਿਕਾਰਡ, 2000 ਤੋਂ ਬਾਅਦ...
ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਉਨ੍ਹਾਂ ਪਹਿਲੀ ਤਵੱਜੋਂ ਹੈ ਜਿਸ ਕਰਕੇ ਨਸ਼ੇ ਦਾ ਨੈੱਟਵਰਕ ਤੋੜਨ ਲਈ 15 ਵਿਅਕਤੀ ਵੱਖਰੇ ਤੌਰ ਉੱਤੇ ਗ੍ਰਿਫਤਾਰ ਕੀਤੇ ਹਨ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਤੇ ਪਿੰਡ ਦੀਆਂ ਵੱਖ -ਵੱਖ ਰਿਹਾਇਸ਼ੀ ਕਲੋਨੀਆਂ ਤੇ ਸ਼ੱਕੀ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਨਸ਼ੇ ਸਮੇਤ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜੋ ਅੱਗੇ ਵੀ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ : Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ