Punjab News: ਕੈਬਨਿਟ ਮੰਤਰੀ ਚੀਮਾ ਵੱਲੋਂ `ਖੇਡਾਂ ਵਤਨ ਪੰਜਾਬ ਦੀਆਂ` ਤਹਿਤ ਕਬੱਡੀ ਨੈਸ਼ਨਲ ਸਟਾਈਲ ਰਾਜ ਪੱਧਰੀ ਖੇਡਾਂ ਦਾ ਉਦਘਾਟਨ
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸਾਰੂ ਸੋਚ ਸਦਕਾ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਸ਼ਾਨਦਾਰ ਪ੍ਰਾਪਤੀਆਂ ਦਰਜ ਕਰਨ ਦਾ ਸਿਲਸਿਲਾ ਜੋਸ਼ੋ ਖਰੋਸ਼ ਨਾਲ ਆਰੰਭ ਕਰ ਦਿੱਤਾ ਹੈ।
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸਾਰੂ ਸੋਚ ਸਦਕਾ ਪੰਜਾਬ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਸ਼ਾਨਦਾਰ ਪ੍ਰਾਪਤੀਆਂ ਦਰਜ ਕਰਨ ਦਾ ਸਿਲਸਿਲਾ ਜੋਸ਼ੋ ਖਰੋਸ਼ ਨਾਲ ਆਰੰਭ ਕਰ ਦਿੱਤਾ ਹੈ ਜਿਸ ਨਾਲ ਓਲੰਪਿਕ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਵੱਡੀਆਂ ਮੱਲਾਂ ਮਾਰਨ ਦੀ ਆਸ ਵਧੇਰੇ ਮਜ਼ਬੂਤ ਹੋ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ''ਖੇਡਾਂ ਵਤਨ ਪੰਜਾਬ ਦੀਆਂ'' ਤਹਿਤ ਦਿੜ੍ਹਬਾ ਦੇ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਰਾਜ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਦੇ ਇਸ ਖੇਡ ਸਟੇਡੀਅਮ ਵਿੱਚ ਕੌਮੀ ਪੱਧਰ ਦੀਆਂ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਮੁੱਢਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਲਦੀ ਹੀ ਇਸ ਦੀ ਮੁਕੰਮਲ ਰੂਪ ਰੇਖਾ ਤਿਆਰ ਕਰਕੇ ਕੰਮ ਸ਼ੁਰੂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜ ਪੱਧਰੀ ਖੇਡ ਮੁਕਾਬਲੇ ਵਿੱਚ ਰਾਜ ਭਰ ਤੋਂ ਸ਼ਾਮਲ ਹੋਈਆਂ 1500 ਤੋਂ ਵਧੇਰੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਸੂਬੇ ਵਿੱਚ ਖੇਡ ਲਹਿਰ ਦੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸਾਂਝ ਪਾਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਰਕਾਰ ਨੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਖੇਡਾਂ ਤੋਂ ਪਹਿਲਾਂ ਹੀ ਤਿਆਰੀ ਵਜੋਂ 8-8 ਲੱਖ ਰੁਪਏ ਖਾਤਿਆਂ ਵਿੱਚ ਪਾ ਦਿੱਤੇ ਹੋਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦ੍ਰਿਸ਼ਟੀ ਵਾਲੀ ਇਸ ਸੋਚ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ ਤੇ ਪੰਜਾਬ ਦੇ ਵੱਡੀ ਗਿਣਤੀ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਵਿੱਚ ਤਮਗ਼ੇ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਸਮੇਂ ਦਿੜ੍ਹਬਾ ਨੂੰ ਪਿਛੜੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਦਿੜ੍ਹਬਾ ਦੇ ਬਹੁ ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਇਸ ਦੀ ਵੱਡੀ ਗਵਾਹੀ ਨਵਾਂ ਤਹਿਸੀਲ ਕੰਪਲੈਕਸ ਭਰਦਾ ਹੈ ਜਿਸ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਮੁਕੰਮਲ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੀ ਖੇਡ ਸਮਰੱਥਾ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਜਿਥੇ ਲੋੜੀਂਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਹੀ ਸਰਵੋਤਮ ਕੋਚ ਤੇ ਤਕਨੀਕੀ ਸਿਖਲਾਈ ਦੇ ਪ੍ਰਬੰਧ ਵੀ ਕੀਤੇ ਗਏ ਹਨ ਜਿਸ ਨਾਲ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਹੋਵੇਗਾ ਅਤੇ ਆਪਾਂ ਸਾਰੇ ਰਲ ਮਿਲ ਕੇ ਸੂਬੇ ਵਿੱਚੋਂ ਨਸ਼ਿਆਂ ਦੇ ਸੌ ਫ਼ੀਸਦੀ ਖਾਤਮੇ ਨੂੰ ਯਕੀਨੀ ਬਣਾਵਾਂਗੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਖੇਡਾਂ ਆਰੰਭ ਕਰਨ ਦਾ ਰਸਮੀ ਐਲਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸਐਸਪੀ ਸੁਰੇਂਦਰ ਲਾਂਬਾ, ਐਸ ਡੀ ਐਮ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਰਿਚਾ ਗੋਇਲ, ਐਸ ਪੀ ਨਵਰੀਤ ਸਿੰਘ, ਡੀ ਐਸ ਪੀ ਪ੍ਰਿਥਵੀ ਸਿੰਘ ਚਹਿਲ, ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ