ਬਾਘਾ ਪੁਰਾਣਾ ਦੇ ਜਸਵੀਰ ਦੀ ਨਿਕਲੀ 2.5 ਕਰੋੜ ਦੀ ਲਾਟਰੀ, ਘਰ ’ਚ ਖੁਸ਼ੀ ਦਾ ਮਾਹੌਲ
ਜਸਵੀਰ ਸਿੰਘ ਨੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਕਾਕਾ ਲਾਟਰੀ ਸਟਾਲ ਤੋਂ 1 ਨਵੰਬਰ ਨੂੰ ਡਿਅਰ 500 ਬੀ ਆਈ ਮੈਥਿਲੀ ਲਾਟਰੀ ਦਾ ਟਿਕਟ ਨੰਬਰ ਏ 261876 ਰੁਪਏ 500 ਦਾ ਖਰੀਦਿਆ ਸੀ
ਨਵਦੀਪ ਮਹੇਸਰੀ / ਬਾਘਾਪੁਰਾਣਾ - ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਉਹ ਕਹਾਵਤ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਦੇ ਵਾਸੀ ਜਸਵੀਰ ਸਿੰਘ ’ਤੇ ਪੂਰੀ ਤਰ੍ਹਾਂ ਢੁੱਕਦੀ ਜਾਪਦੀ ਹੈ।
ਜਸਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਬਾਬਾ ਜੀਵਨ ਸਿੰਘ ਨਗਰ ਮੋਗਾ ਰੋਡ ਬਾਘਾਪੁਰਾਣਾ ’ਚ ਆਪਣੇ ਸੁਹਰੇ ਘਰ ਰਹਿ ਰਿਹਾ ਹੈ। ਜਸਵੀਰ ਦੀ ਪਿੰਡ ਮਾੜੀ ਮੁਸਤਫ਼ਾ ਵਿਖੇ ਐਲੂਮੀਨੀਅਮ (Aluminium) ਦੀਆਂ ਚੁਗਾਠਾਂ ਅਤੇ ਹੋਰ ਸਮਾਨ ਬਣਾਉਣ ਦੀ ਦੁਕਾਨ ਹੈ।
ਜਸਵੀਰ ਸਿੰਘ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸਨੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਕਾਕਾ ਲਾਟਰੀ ਸਟਾਲ ਤੋਂ 1 ਨਵੰਬਰ ਨੂੰ ਡਿਅਰ 500 ਬੀ ਆਈ ਮੈਥਿਲੀ ਲਾਟਰੀ ਦਾ ਟਿਕਟ ਨੰਬਰ ਏ 261876 ਰੁਪਏ 500 ਦਾ ਖਰੀਦਿਆ ਸੀ ਜਿਸ ਦਾ ਡਰਾਅ 5 ਨਵੰਬਰ ਨੂੰ ਨਿਕਲਿਆ ਅਤੇ ਇਸ ਡਰਾਅ ’ਚ ਉਸਦਾ ਨੰਬਰ ਲੱਗ ਗਿਆ।
ਲਾਟਰੀ ਨਿਕਲਣ ਦੀ ਖੁਸ਼ੀ ’ਚ ਭਾਵੁਕ ਹੁੰਦਿਆ ਪਰਿਵਾਰ ਦੇ ਮੈਬਰਾਂ ਨੇ ਕਿਹਾ ਇਨ੍ਹਾਂ ਪੈਸਿਆਂ ਨਾਲ ਬੱਚਿਆਂ ਦੀ ਪਰਵਰਿਸ਼ ਅਤੇ ਲੋਕਾਂ ਦਾ ਸਾਡੇ ਸਿਰ ਚੜ੍ਹਿਆ ਕਰਜ਼ਾ ਵਾਪਸ ਕਰਾਂਗੇ।
ਜਸਵੀਰ ਸਿੰਘ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਹਾਂ ਮੇਰਾ ਦੁਕਾਨ ਦਾ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਨਿਕਲਦਾ ਸੀ ਤੇ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਲ ਸੀ ਸਾਡੀ ਪ੍ਰਮਾਤਮਾ ਨੇ ਸੁਣ ਲਈ ਅਸੀਂ ਸਾਰਾ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ।