ਅਸ਼ਲੀਲ ਵੀਡੀਓ ਮਾਮਲੇ ’ਚ ਲੰਗਾਹ ਨੂੰ ਮਿਲੀ ਮੁਆਫ਼ੀ, ਪੰਜ ਸਿੰਘ ਸਾਹਿਬਾਨਾਂ ਨੇ ਪੰਥ ’ਚ ਕਰਵਾਈ ਵਾਪਸੀ
ਸਿੱਖ ਪੰਥ ’ਚੋਂ ਬਰਖ਼ਾਸਤ ਕੀਤੇ ਗਏ ਸੁੱਚਾ ਸਿੰਘ ਲੰਗਾਹ ਦੀ ਸਿੱਖ ਪੰਥ ’ਚ ਵਾਪਸੀ ਹੋ ਗਈ ਹੈ, ਇਸ ਦਾ ਐਲਾਨ ਪੰਜ ਤਖ਼ਤਾਂ ਦੇ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਗਈ ਬੈਠਕ ਤੋਂ ਬਾਅਦ ਕੀਤਾ ਗਿਆ।
Sucha Singh Langah News: ਸ਼੍ਰੋਮਣੀ ਅਕਾਲੀ ਦਲ ’ਚੋਂ ਬਰਖ਼ਾਸਤ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਸਿੱਖ ਪੰਥ ’ਚ ਵਾਪਸੀ ਹੋ ਗਈ ਹੈ। ਇਸ ਦਾ ਐਲਾਨ ਪੰਜ ਤਖ਼ਤਾਂ ਦੇ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਗਈ ਬੈਠਕ ਤੋਂ ਬਾਅਦ ਕੀਤਾ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਸਰ ’ਚ ਦਰਬਾਰ ਸਾਹਿਬ ਵਿਖੇ 21 ਦਿਨ ਹੱਥੀ ਬਰਤਨ ਧੋਣ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਰੋਜ਼ਾਨਾ ਪਰਿਕਰਮਾ ’ਚ ਬੈਠ ਕੇ 1 ਘੰਟਾ ਕੀਰਤਨ ਸੁਣਨ ਦੇ ਨਾਲ ਨਾਲ 21 ਪਾਠ ਜਪੁਜੀ ਸਾਹਿਬ ਦੇ ਵੀ ਕਰਨੇ ਪੈਣਗੇ।
ਸਿੰਘ ਸਾਹਿਬਾਨਾਂ ਨੇ ਲੰਗਾਹ ਦੇ 5 ਸਾਲਾਂ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਨ ’ਤੇ ਰੋਕ ਲਗਾ ਦਿੱਤੀ ਹੈ, ਹਾਂ ਪਰ ਉਹ ਰਾਜਨੀਤਿਕ ਸਰਗਰਮੀਆਂ ’ਚ ਭਾਗ ਲੈ ਸਕਦਾ ਹੈ।
ਜਿਸ ਮੌਕੇ ਸਜ਼ਾ ਤਹਿਤ ਲੰਗਾਹ ਇਹ ਧਾਰਮਿਕ ਗਤੀਵਿਧੀਆਂ ਕਰ ਰਿਹਾ ਹੋਵੇਗਾ, ਉਸ ਦੌਰਾਨ ਉਹ ਆਪਣੀ ਕੋਈ ਵੀ ਫ਼ੋਟੋ ਜਾ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਨਹੀਂ ਕਰ ਸਕੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਨੀਵਾਰ ਦੁਪਹਿਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘੁਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਮਲਕੀਤ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਸੁਖਦੇਵ ਸਿੰਘ ਵਿਚਾਲੇ ਹੋਈ ਬੈਠਕ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ ਗਿਆ।
ਇਸ ਬੈਠਕ ’ਚ ਬੀਤੇ ਦਿਨਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਇਸ ਦੌਰਾਨ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਸਜ਼ਾ ’ਤੇ ਵਿਚਾਰ ਹੋਇਆ ਅਤੇ ਸਾਰਿਆਂ ਨੇ ਮਿਲਕੇ ਉਨ੍ਹਾਂ ਪੰਥ ’ਚੋਂ ਛੇਕੇ ਜਾਣ ਦਾ ਫ਼ੈਸਲਾ 5 ਸਾਲਾਂ ਬਾਅਦ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ 5 ਅਕਤੂਬਰ, 2017 ਨੂੰ ਸਿੱਖ ਪੰਥ ’ਚੋਂ ਛੇਕ ਦਿੱਤਾ ਗਿਆ ਸੀ। ਲੰਗਾਹ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਕੇ ਆਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗੀ, ਜਿਸ ਤੋਂ ਬਾਅਦ 5 ਸਿੰਘ ਸਾਹਿਬਾਨਾਂ ਨੇ ਉਨ੍ਹਾਂ ਦੀ ਸਜ਼ਾ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ 'ਅਨਾੜੀ ਡਰਾਈਵਰ' ਜਿਹੜਾ ਦੂਜੇ ਤੀਜੇ ਦਿਨ Accident ਕਰਦਾ!