ਚੰਡੀਗੜ੍ਹ: ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੂੰ ਚਿੱਠੀ ਲਿਖ ਕੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਕੌਮੀ ਮਾਰਗ (National Highway) ਦੀ ਮਾੜੀ ਹਾਲਤ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਸੂਬਿਆਂ ਨੂੰ ਜੋੜਨ ਵਾਲੀ ਇਹ ਇਕ ਮਹੱਤਵਪੂਰਨ ਸੜਕ ਹੈ ਪਰ ਹੁਸ਼ਿਆਰਪੁਰ ਨਜ਼ਦੀਕ ਕਈ ਥਾਂਵਾਂ ਤੋਂ ਇਹ ਸੜਕ ਬੇਹੱਦ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਰਿਪੇਅਰ ਨੂੰ ਲੈ ਕੇ ਸਥਾਨਕ ਲੋਕਾਂ ਨੇ ਬਹੁਤ ਵਾਰ ਧਰਨਾ ਦਿੱਤਾ ਹੈ ਅਤੇ ਬਹੁਤ ਸਾਰੇ ਲੋਕ ਇਸ ਸੜਕ ’ਤੇ ਹਾਦਸਿਆਂ ਵਿਚ ਆਪਣੀ ਜਾਨ ਵੀ ਗੁਆ ਬੈਠੇ ਹਨ।


COMMERCIAL BREAK
SCROLL TO CONTINUE READING


ਕਈ ਧਾਰਮਿਕ ਸਥਾਨਾਂ ਨੂੰ ਆਪਸ ’ਚ ਜੋੜਦਾ ਹੈ ਇਹ ਮਾਰਗ
ਉਨ੍ਹਾਂ ਕਿਹਾ ਕਿ ਇਹ ਸੜਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਜੋੜਦੀ ਹੈ। ਇਸੇ ਸੜਕ ਰਾਹੀਂ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਵਰਗੇ ਅਤਿ ਮਹੱਤਵਪੂਰਣ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਆਦਮਪੁਰ ਏਅਰਪੋਰਟ ਜਾਣ ਲਈ ਵੀ ਇਸੇ ਸੜਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿੰਪਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਅਤੇ ਮੈਕਲੋਡ ਗੰਜ (Mcleod Ganj) ਜਾਣ ਲਈ ਵੀ ਲੱਖਾਂ ਲੋਕ ਇਸੇ ਸੜਕ ਦਾ ਇਸਤੇਮਾਲ ਕਰਦੇ ਹਨ।


 




ਮੰਤਰੀ ਹਰਭਜਨ ਸਿੰਘ ਈਟੀਓ ਵੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ ਪੱਤਰ 
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ (Harbhajan Singh ETO) ਵੀ ਇਸ ਸੜਕ ਦੀ ਮੁਰੰਮਤ ਬਾਬਤ ਪੱਤਰ ਲਿਖ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਜਿੰਪਾ ਨੇ ਕਿਹਾ ਕਿ ਸੂਬੇ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੱਖਰੇ ਤੌਰ ’ਤੇ ਕੌਮੀ ਹਾਈਵੇਜ਼ ਅਥਾਰਟੀ ਨੂੰ ਪੱਤਰ ਲਿਖ ਕੇ ਇਸ ਸੜਕ ਦੀਆਂ ਟੁੱਟੀਆਂ ਥਾਂਵਾਂ ਦੀ ਮੁਰੰਮਤ ਲਈ ਪੂਰੇ ਵਿਸਥਾਰ ਵਿਚ ਲਿਖਿਆ ਜਾ ਚੁੱਕਾ ਹੈ।



ਕੇਂਦਰੀ ਮੰਤਰੀ ਗਡਕਰੀ ਜਲਦ ਹਾਈਵੇਜ਼ ਅਥਾਰਟੀ ਨਿਰਦੇਸ਼ ਜਾਰੀ ਕਰਨ: ਜਿੰਪਾ
ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਸੜਕ ਦੀ ਮਹੱਤਤਾ ਨੂੰ ਵੇਖਦਿਆਂ ਅਤੇ ਹੁਸ਼ਿਆਰਪੁਰ ਨਜ਼ਦੀਕ ਸੜਕ ਦੀ ਬੇਹੱਦ ਖਸਤਾ ਹਾਲਤ ਨੂੰ ਤੁਰੰਤ ਠੀਕ ਕਰਵਾਉਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਕੌਮੀ ਹਾਈਵੇਜ਼ ਅਥਾਰਟੀ (National Highways Authority) ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ।