Khanna Crime News: ਖੰਨਾ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਆਫੀਸਰਜ਼ ਕਲੋਨੀ 'ਚ ਦਿਨ-ਦਿਹਾੜੇ 70 ਸਾਲਾ ਬਜ਼ੁਰਗ ਔਰਤ ਨੂੰ ਘਰ 'ਚ ਬੰਨ੍ਹ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਘਰ ਵਿਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਹੱਲ ਕਰ ਲਿਆ। ਇਸ ਘਟਨਾ ਦਾ ਮਾਸਟਰਮਾਈਂਡ ਗੁਆਂਢੀ ਹੀ ਨਿਕਲਿਆ।


COMMERCIAL BREAK
SCROLL TO CONTINUE READING

ਤਿੰਨ ਲੁਟੇਰਿਆਂ ਨੇ ਨਸ਼ੇ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਦੀ ਪਛਾਣ ਹਰਮਨਜੋਤ ਸਿੰਘ ਵਾਸੀ ਅਫਸਰ ਕਲੋਨੀ ਖੰਨਾ, ਬਲਜੀਤ ਸਿੰਘ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਅਤੇ ਰੱਬੀ ਖਾਨ ਵਾਸੀ ਵਾਰਡ ਨੰਬਰ 3 ਖੰਨਾ ਵਜੋਂ ਹੋਈ। ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ, ਲੋਹੇ ਦੀ ਰਾਡ ਤੇ ਦਾਹ ਸਮੇਤ ਕਰੀਬ 7 ਤੋਲੇ ਸੋਨੇ ਦੇ ਗਹਿਣੇ ਤੇ 5 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ। 


ਪੁਲਿਸ ਜ਼ਿਲ੍ਹਾ ਖੰਨਾ ਦੀ ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਵਾਰਦਾਤ ਨੂੰ ਟ੍ਰੇਸ ਕਰਨ ਲਈ ਡੀਐਸਪੀ ਖੰਨਾ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਇਸ 'ਚ ਟੈਕਨੀਕਲ ਸੈੱਲ ਦੇ ਇੰਚਾਰਜ ਸਿਮਰਨਜੀਤ ਸਿੰਘ ਤੇ ਸਪੈਸ਼ਲ ਬ੍ਰਾਂਚ ਇੰਚਾਰਜ ਜਰਨੈਲ ਸਿੰਘ ਵੀ ਸ਼ਾਮਲ ਸਨ। ਘਟਨਾ ਨੂੰ ਸੀਸੀਟੀਵੀ ਫੁਟੇਜ ਤੇ ਤਕਨੀਕੀ ਜਾਂਚ ਦੀ ਮਦਦ ਨਾਲ ਟਰੇਸ ਕੀਤਾ ਗਿਆ।


ਤਿੰਨ ਲੁਟੇਰੇ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਕੋਲੋਂ ਲੁੱਟਿਆ ਸਾਮਾਨ ਤੇ ਹਥਿਆਰ ਬਰਾਮਦ ਹੋਏ। ਇੱਕ ਮੁਲਜ਼ਮ ਰੱਬੀ ਖ਼ਾਨ ਖ਼ਿਲਾਫ਼ ਪਹਿਲਾਂ ਵੀ ਕਪੂਰਥਲਾ ਅਤੇ ਖੰਨਾ ਵਿੱਚ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਪੈਸੇ ਦੀ ਜ਼ਰੂਰ ਸੀ।


ਇਸੇ ਕਰਕੇ ਹਰਮਨਜੋਤ ਸਿੰਘ ਨੇ ਗੁਆਂਢ ਵਿੱਚ ਰਹਿੰਦੀ ਬਜ਼ੁਰਗ ਔਰਤ ਸੁਰਜੀਤ ਕੌਰ ਜੋ ਕਿ ਸਿਹਤ ਮਹਿਕਮੇ ਵਿਚੋਂ ਹੈਲਥ ਵਰਕਰ ਸੇਵਾਮੁਕਤ ਹੈ, ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ। ਹਰਮਨਜੋਤ ਨੇ ਆਪਣੇ ਸਾਥੀਆਂ ਬਲਜੀਤ ਸਿੰਘ ਅਤੇ ਰੱਬੀ ਖ਼ਾਨ ਨਾਲ ਬਜ਼ੁਰਗ ਔਰਤ ਸੁਰਜੀਤ ਕੌਰ ਦੇ ਘਰ ਦਾਖ਼ਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਔਰਤ ਦੇ ਮੂੰਹ ਵਿੱਚ ਕੱਪੜਾ ਪਾ ਦਿੱਤਾ ਗਿਆ ਸੀ। ਲੁੱਟ ਕਰਨ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ ਸੀ।


ਭੱਜਣ ਦੀ ਕੋਸ਼ਿਸ਼ 'ਚ 2 ਦੀਆਂ ਲੱਤਾਂ ਟੁੱਟੀਆਂ
ਘਟਨਾ ਤੋਂ ਬਾਅਦ ਜਦੋਂ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤਾਂ ਛਾਪੇਮਾਰੀ ਦੌਰਾਨ ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਉੱਚੀ ਥਾਂ ਤੋਂ ਛਾਲ ਮਾਰਨ ਦੌਰਾਨ 2 ਮੁਲਜ਼ਮਾਂ ਦੀਆਂ ਲੱਤਾਂ ਟੁੱਟ ਗਈਆਂ। ਇਸਦੇ ਨਾਲ ਹੀ ਤੀਜੇ ਦੇ ਪੈਰ ''ਚ ਵੀ ਫਰੈਕਚਰ ਦੱਸਿਆ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਦੇਖਿਆ ਗਿਆ ਕਿ ਇੱਕ ਮੁਲਜ਼ਮ ਨੂੰ ਦੋ ਪੁਲਿਸ ਵਾਲੇ ਆਪਣੀ ਗੋਦ ਵਿੱਚ ਚੁੱਕ ਕੇ ਲੈ ਆਏ। ਜਿਸ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ।


ਪੁਲਿਸ ਨੇ ਕੀਤਾ ਧਾਰਾ 'ਚ ਵਾਧਾ
ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਜ਼ੁਰਮ 'ਚ ਵਾਧਾ ਕੀਤਾ। ਪਹਿਲਾਂ ਲੁੱਟ ਦੀ ਧਾਰਾ 379ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।


ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 392, 394, 398 ਵੀ ਜੋੜ ਦਿੱਤੀਆਂ ਗਈਆਂ ਹਨ। ਦਿਨ-ਦਿਹਾੜੇ ਲੁੱਟ ਜਾਂ ਡਕੈਤੀ ਲਈ ਸਵੈਇੱਛਾ ਤੌਰ 'ਤੇ ਦੂਜੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਇਨ੍ਹਾਂ ਧਾਰਾਵਾਂ ਅਧੀਨ 10 ਤੋਂ 14 ਸਾਲ ਤੱਕ ਦੀ  ਸਜ਼ਾ ਹੋ ਸਕਦੀ ਹੈ। ਉੱਥੇ ਹੀ ਆਈਪੀਸੀ ਦੀ ਧਾਰਾ 394 ਤਹਿਤ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। 


ਇਹ ਵੀ ਪੜ੍ਹੋ : Punjab News: ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਾਨ ਸਰਕਾਰ ਦੇਵੇਗੀ ਲੱਖਾਂ ਰੁਪਏ ਦੀ ਰਾਸ਼ੀ