Rail Roko Andolan: ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਅੱਜ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
Kisan Andolan 2.0: ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਦੀ ਮੀਟਿੰਗ ਲਈ ਸਰਕਾਰ ਵੱਲੋਂ ਪੱਤਰ ਰਾਹੀਂ ਸੱਦਾ ਪੱਤਰ ਮਿਲਿਆ ਹੈ।
Kisan Andolan 2.0: ਕਿਸਾਨ ਅੰਦੋਲਨ 2.0 ਲਗਾਤਾਰ ਜਾਰੀ ਹੈ। ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਕਰਨ ਦੇ ਯਤਨ ਜਾਰੀ ਹਨ। ਹਾਲਾਂਕਿ ਪੁਲਿਸ ਲਗਾਤਾਰ ਕਿਸਾਨਾਂ ਨੂੰ ਅੱਥਰੂ ਗੈਸ, ਪਾਣੀ ਦੀਆਂ ਤੋਪਾਂ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਕੇ ਰੋਕ ਰਹੀ ਹੈ। ਇਸ ਵਿਚਾਲੇ ਅੱਜ ਕਿਸਾਨਾਂ ਨੇ 'ਦਿੱਲੀ ਚਲੋ' ਦੇ ਨਾਲ ਵੀਰਵਾਰ ਨੂੰ ਪੰਜਾਬ 'ਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।
ਹੁਣ ਤੱਕ ਇਸ ਅੰਦੋਲਨ ਤੋਂ ਦੂਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੀ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਬੀਕੇਯੂ ਨੇ ਵੀਰਵਾਰ ਨੂੰ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਮਾਰਗ ਜਾਮ ਕੀਤਾ ਜਾਵੇਗਾ। ਪੰਜਾਬ ਵਿੱਚ ਰੇਲ ਪਟੜੀਆਂ 'ਤੇ ਕਿੱਥੇ ਬੈਠਾਂਗੇ? ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਕਿਹਾ ਗਿਆ ਹੈ ਕਿ ਕਿਸਾਨ ਸੱਤ ਥਾਵਾਂ 'ਤੇ ਰੇਲ ਪਟੜੀਆਂ 'ਤੇ ਬੈਠਣਗੇ।
ਦੂਜੇ ਪਾਸੇ ਅੱਜ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ ਸ਼ਾਮ ਨੂੰ ਚੰਡੀਗੜ੍ਹ 'ਚ ਤੀਜੇ ਦੌਰ ਦੀ ਮੀਟਿੰਗ ਹੋਵੇਗੀ। ਮੀਟਿੰਗ ਤੱਕ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਮਾਰਚ ਰੋਕ ਦਿੱਤਾ ਹੈ ਪਰ 25 ਹਜ਼ਾਰ ਤੋਂ ਵੱਧ ਕਿਸਾਨ ਹਰਿਆਣਾ ਦੀਆਂ ਸਰਹੱਦਾਂ ’ਤੇ ਫਸੇ ਹੋਏ ਹਨ।
ਦਰਅਸਲ ਡੱਲੇਵਾਲ ਅਤੇ ਪੰਧੇਰ ਨੇ ਕਿਹਾ ਕਿ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਹ ਮੰਗਾਂ ਹਨ- ਐਮਐਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਅਤੇ ਬਿਜਲੀ ਐਕਟ ਨੂੰ ਰੱਦ ਕਰਨਾ। ਪੰਧੇਰ ਨੇ ਸੂਬੇ ਦੀ ਸਰਹੱਦ 'ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ, ਪੁਲਿਸ ਕਾਰਵਾਈ ਅਤੇ ਡਰੋਨ ਦੀ ਵਰਤੋਂ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਤਾਂ ਫਿਰ ਤਾਕਤ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇਣ ਲਈ ਕਿਹਾ ਹੈ।