Internet Ban: ਇੰਟਰਨੈਟ ਬੰਦ ਹੋਣ ਕਾਰਨ ਵਪਾਰੀ ਵਰਗ ਅਤੇ ਵਿਦਿਆਰਥੀ ਪ੍ਰੇਸ਼ਾਨ
Internet Ban: ਸ਼ਹਿਰੀ ਖੇਤਰ `ਚ ਇੰਟਰਨੈੱਟ ਦੀ ਸੁਵਿਧਾ ਬੰਦ ਕਰ ਕੇ ਵਪਾਰੀ ਵਰਗ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
Patran News (Satpal Garg): ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਦਿੱਲੀ ਜਾਣ ਲਈ ਪੰਜਾਬ-ਹਰਿਆਣਾ ਦੇ ਬਾਰਡਰ 'ਤੇ ਡੇਰੇ ਲਾਏ ਹੋਏ ਹਨ। ਉੱਥੇ ਹੀ ਸਰਕਾਰ ਵੱਲੋਂ ਪਿਛਲੇ 7 ਦਿਨਾਂ ਤੋਂ ਪਾਤੜਾਂ ਦੇ ਸ਼ਹਿਰੀ ਖੇਤਰ 'ਚ ਇੰਟਰਨੈੱਟ ਦੀ ਸੁਵਿਧਾ ਬੰਦ ਕਰ ਕੇ ਵਪਾਰੀ ਵਰਗ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਸ਼ਹਿਰੀ ਖੇਤਰ 'ਚ ਇੰਟਰਨੈੱਟ ਦੀ ਸੇਵਾ ਬੰਦ ਹੋਣ ਕਾਰਨ ਵਪਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਵਪਾਰੀਆਂ ਦੇ ਇੱਕ ਦੂਜੇ ਨਾਲ ਲੈਣ-ਦੇਣ ਕਰਨ ਅਤੇ ਈ-ਬਿਲਿੰਗ ਸਿਸਟਮ ਬੰਦ ਹੋ ਗਿਆ ਹੈ। ਦੂਸਰੇ ਪਾਸੇ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ। ਇੰਟਰਨੈੱਟ ਬੰਦ ਹੋਣ ਦੇ ਕਾਰਨ ਜਿਨ੍ਹਾਂ ਦੀ ਪੜਾਈ ਵੀ ਪ੍ਰਭਾਵਿਤ ਹੋ ਰਹੀ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਇੰਟਰਨੈੱਟ ਬੰਦ ਕਰਨ ਬਾਬਤ ਵੀ ਗੱਲ ਰੱਖੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਹੋਰ ਕਈ ਜ਼ਿਲ੍ਹਿਆ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ।
ਵਪਾਰ ਮੰਡਲ ਪਾਤੜ ਦੇ ਪ੍ਰਧਾਨ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸਾਰੇ ਸਰਕਾਰੀ ਕੰਮ ਆਨ ਲਾਈਨ ਹੋਣ ਕਾਰਨ ਉਹ ਆਪਣਾ ਕੰਮ ਨਹੀਂ ਕਰ ਸਕਦੇ । ਉੱਥੇ ਹੀ ਵਿਦਿਆਰਥੀ ਵਰਗ ਵੀ ਇੰਟਰਨੈੱਟ ਦੀ ਸੇਵਾ ਬੰਦ ਹੋਣ ਕਾਰਨ ਕਾਫ਼ੀ ਮਾਯੂਸ ਨਜ਼ਰ ਆ ਰਹੇ ਹਨ। ਸਰਕਾਰ ਨੂੰ ਸ਼ਹਿਰੀ ਖੇਤਰ 'ਚ ਬਰਾਡਬੈਂਡ ਦੀ ਸੇਵਾਵਾਂ ਨੂੰ ਤੁਰੰਤ ਚਾਲੂ ਕਰਨ ਦੀ ਜ਼ਰੂਰਤ ਹੈ ਤਾਂ ਜੋ ਵਪਾਰੀ ਵਰਗ ਅਤੇ ਵਿਦਿਆਰਥੀਆ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕੇ।
ਦੱਸਣ ਯੋਗ ਹੈ ਕਿ ਸ਼ਹਿਰ ਦੇ ਚਾਰੇ-ਪਾਸੇ ਦੋ ਕਿੱਲੋ ਮੀਟਰ ਦੇ ਏਰੀਏ ਵਿੱਚ ਇੰਟਰਨੈੱਟ 'ਤੇ ਕਿਸੇ ਤਰਾਂ ਦੀ ਕੋਈ ਪਾਬੰਦੀ ਨਹੀਂ ਹੈ। ਲੋਕਾਂ ਨੂੰ ਐਮਰਜੈਂਸੀ ਹਾਲਤਾਂ 'ਚ ਇੰਟਰਨੈੱਟ ਦੀ ਸਹੂਲਤ ਲੈਣ ਲਈ ਸ਼ਹਿਰ ਤੋਂ ਬਾਹਰ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਪਾਤੜਾਂ ਹਰਿਆਣਾ ਬਾਰਡਰ ਤੋਂ 25 ਕਿੱਲੋ ਮੀਟਰ ਦੀ ਦੂਰੀ 'ਤੇ ਹੈ, ਜਿੱਥੇ ਇੰਟਰਨੈੱਟ ਬੰਦ ਕਰਨ ਦੀ ਜ਼ਰੂਰਤ ਨਹੀਂ ਸੀ।