ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਆਪਣੇ ਟਵਿੱਟਰ ਪੇਜ ’ਤੇ ਲਿਖਿਆ ਕਿ ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਤਿਰੰਗਾ ਸਭ ਦੀ ਆਨ-ਬਾਨ-ਸ਼ਾਨ ਹੈ।


COMMERCIAL BREAK
SCROLL TO CONTINUE READING

 




'ਹਰ ਘਰ ਤਿੰਰਗਾ' ਦੇ ਵਿਰੋਧ ’ਚ ਮਾਨ ਦੀ ਹਰ ਛੱਤ ’ਤੇ ਕੇਸਰੀ ਝੰਡਾ ਮੁਹਿੰਮ 
ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਦੀਆਂ ਛੱਤਾਂ ’ਤੇ ਤਿਰੰਗੇ ਦੀ ਥਾਂ ਕੇਸਰੀ ਝੰਡਾ (ਨਿਸ਼ਾਨ ਸਾਹਿਬ) ਲਹਿਰਾਉਣ। ਕੇਂਦਰ ਸਰਕਾਰ ਵਲੋਂ 'ਹਰ ਘਰ ਤਿੰਰਗਾ' ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਵਿਰੋਧ ’ਚ MP ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਹੈ ਕਿ 14 ਅਤੇ 15 ਅਗਸਤ ਨੂੰ ਘਰਾਂ ਦੀਆਂ ਛੱਤਾਂ ’ਤੇ ਕੇਸਰੀ ਝੰਡਾ ਲਹਿਰਾਇਆ ਜਾਵੇ।   


 
ਤਿੰਰਗਾ ਲਹਿਰਾਉਣ ਦੀ ਆੜ ’ਚ ਥੋਪਿਆ ਜਾ ਰਿਹਾ ਹਿੰਦੂਵਾਦ: ਸਿਮਰਨਜੀਤ ਸਿੰਘ ਮਾਨ
ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਕੱਟੜਪੰਥੀ ਸੋਚ ਦੇ ਤਹਿਤ ਤਿੰਰਗੇ ਝੰਡੇ ਦੀ ਗੱਲ ਕਰਦਾ ਹੈ। ਇਨ੍ਹਾਂ ਦੇ ਤਾਨਾਸ਼ਾਹੀ ਹੁਕਮਾਂ ਨੂੰ ਸਿੱਖ ਵਿਦਿਆਰਥੀ ਕਦੇ ਵੀ ਸਵੀਕਾਰ ਨਹੀਂ ਕਰਨਗੇ, ਕੇਸਰੀ ਝੰਡੇ ਲਗਾਕੇ ਸਾਨੂੰ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਤਿੰਰਗਾ ਲਹਿਰਾਉਣ ਲਈ ਕਹਿਕੇ ਸਾਨੂੰ ਆਪਣੀ ਪਹਿਚਾਣ ਮਿਟਾਉਣ ਤੇ ਕੱਟੜਵਾਦੀ ਸੋਚ ਦੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



15 ਅਗਸਤ ਵਾਲੇ ਦਿਨ ਹੋਣ ਵਾਲੇ ਜਸ਼ਨਾਂ ਦਾ ਸਿੱਖ ਜੱਥੇਬੰਦੀਆਂ ਵਲੋਂ ਬਾਈਕਾਟ 
ਸਿੱਖ ਜਥੇਬੰਦੀਆਂ- ਦਲ ਖ਼ਾਲਸਾ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ, ਬਰਗਾੜੀ-ਬਹਿਬਲ ਗੋਲੀ ਕਾਂਡ, ਦਰਬਾਰ ਸਾਹਿਬ ’ਚ ਬੇਅਦਬੀ ਦੇ ਨਾਲ ਨਾਲ ਘੱਟ ਗਿਣਤੀਆਂ ਅਤੇ ਮੂਲ ਨਿਵਾਸੀਆਂ ਦੇ ਮੁੱਦਿਆਂ ਨੂੰ ਲੈਕੇ 15 ਅਗਸਤ ਨੂੰ ਮੋਗਾ ’ਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਸਿੱਖ ਆਗੂਆਂ ਨੇ 15 ਅਗਸਤ ਦੇ ਮੌਕੇ ਹੋਣ ਵਾਲੇ ਜਸ਼ਨਾਂ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ ਹੈ। 



CM ਭਗਵੰਤ ਮਾਨ ਨੇ ਕੀਤਾ ਪਲਟਵਾਰ
ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵਲੋਂ ਸਿਮਰਨਜੀਤ ਸਿੰਘ ਮਾਨ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੁਆਰਾ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਦੋਗ਼ਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਤਿੰਰਗਾ ਸਭ ਦੀ ਆਨ-ਬਾਨ-ਸ਼ਾਨ ਹੈ। ਵੀਡੀਓ ’ਚ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨਜ਼ਰ ਆਉਂਦੇ ਹਨ ਕਿ ਸੰਵਿਧਾਨ ਦੀਆਂ ਸਹੁੰਆਂ ਖਾਕੇ ਵੀ ਕੁਝ ਲੋਕ ਤਿਰੰਗੇ ਦਾ ਵਿਰੋਧ ਕਰਦੇ ਹਨ। ਮਾਨ ਨੇ ਕਿਹਾ ਲੋਕਾਂ ਨੂੰ ਰੁਜ਼ਗਾਰ, ਸਿੱਖਿਆ ਤੇ ਇਲਾਜ ਚਾਹੀਦਾ ਹੈ।