Kotakpura Firing Case- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰ ਪਹੁੰਚੀ ਸਿਟ, ਕਈ ਘੰਟੇ ਕੀਤੀ ਪੁੱਛਗਿੱਛ
ਕੋਟਕਪੁਰਾ ਗੋਲੀਕਾਂਡ ਮਾਮਲੇ ਦੇ ਵਿਚ ਪੁੱਛਗਿੱਛ ਕਰਨ ਲਈ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ ਸਥਿਤ ਰਿਹਾਇਸ਼ ਪਹੁੰਚੀ। ਜਿਥੇ ਉਹਨਾਂ ਤੋਂ 3 ਘੰਟੇ ਪੁੱਛਗਿੱਛ ਕੀਤੀ ਗਈ। ਇਸਤੋਂ ਪਹਿਲਾਂ ਸਿਟ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਸੀ।
ਚੰਡੀਗੜ: ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ, ਯਾਨਿ ਕਿ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ ਸਥਿਤ ਘਰ ਜਾ ਕੇ ਪੁੱਛਗਿੱਛ ਕੀਤੀ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਵੀ ਸਿਟ ਨੇ ਪੁੱਛਗਿੱਛ ਕਰ ਚੁੱਕੀ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਹੋ ਰਹੀ ਹੈ। ਇਸਤੋਂ ਪਹਿਲਾਂ ਸਿਟ ਨੇ ਉਹਨਾਂ ਨੂੰ ਨੋਟਿਸ ਭੇਜਿਆ ਸੀ। ਬੀਤੇ ਦਿਨ ਕੋਟਕਪੁਰਾ ਵਿਚ ਜਾ ਕੇ ਗੋਲੀਕਾਂਡ ਵਾਲੀ ਥਾਂ ਦਾ ਜਾਇਜ਼ਾ ਲਿਆ।
ਸੁਖਬੀਰ ਬਾਦਲ ਤੋਂ ਵੀ ਕੀਤੀ ਗਈ ਸੀ ਪੁੱਛਗਿੱਛ
ਇਸ ਤੋਂ ਪਹਿਲਾਂ ਸਿਟ ਨੇ 14 ਸਤੰਬਰ ਨੂੰ ਸੁਖਬੀਰ ਬਾਦਲ ਤੋਂ ਪੁੱਛਗਿਛ ਕੀਤੀ ਸੀ ਜੋ ਕਿ 6 ਘੰਟੇ ਤੱਕ ਚਲੀ ਸੀ। ਉਸ ਵੇਲੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਸੀ ਅਤੇ ਕਿਹਾ ਸੀ ਕਿ ਬੇਅਦਬੀ ਮਾਮਲਿਆਂ ਤੇ ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ।ਉਹਨਾਂ ਆਖਿਆ ਸੀ ਕਿ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ 'ਆਪ' ਸਰਕਾਰ ਇਸ ਮੁੱਦੇ ਨੂੰ ਉਛਾਲ ਰਹੀ ਹੈ।
ਕੱਲ੍ਹ ਘਟਨਾ ਵਾਲੇ ਸਥਾਨ ਦਾ ਲਿਆ ਸੀ ਜਾਇਜ਼ਾ
ਕੋਟਕਪੁਰਾ ਗੋਲੀਕਾਂਡ 2015 ਵਿਚ ਵਾਪਰਿਆ ਸੀ ਜਿਸਦਾ ਜਾਇਜ਼ਾ ਲੈਣ ਲਈ ਬੀਤੇ ਦਿਨ ਸਿਟ ਘਟਨਾ ਵਾਲੇ ਸਥਾਨ 'ਤੇ ਪਹੁੰਚੀ ਸੀ। ਉਥੋਂ ਗਵਾਹਾਂ ਕੋਲੋਂ ਵੀ ਗੋਲੀਕਾਂਡ ਸਬੰਧੀ ਜਾਣਕਾਰੀ ਲਈ ਗਈ।ਦੱਸ ਦਈਏ ਕਿ ਇਸ ਘਟਨਾ ਨੂੰ 7 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਵੀ ਪੁਲਿਸ ਵੱਲੋਂ ਜਾਂਚ ਹੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਇਸ ਘਟਨਾ ਦੀ ਜਾਂਚ ਕੀਤੀ ਜਾ ਚੁੱਕੀ ਹੈ, ਤਤਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਕੁੰਵਰ ਵਿਜੇ ਪ੍ਰਤਾਪ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਹਾਈਕੋਰਟ ਨੇ ਨਵੀਂ ਸਿਟ ਬਣਾਉਣ ਦੇ ਦਿੱਤੇ ਸੀ ਹੁਕਮ
ਸਾਲ 2021 ਵਿਚ ਹਾਈਕੋਰਟ ਨੇ ਪੁਰਾਣੀ ਸਿਟ ਨੂੰ ਰੱਦ ਕਰਕੇ ਨਵੀਂ ਸਿਟ ਬਣਾਉਣ ਦੇ ਹੁਕਮ ਦਿੱਤੇ ਸਨ ਅਤੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ। ਜਿਸਤੋਂ ਬਾਅਦ ਨਵੀਂ ਸਿਟ ਦਾ ਗਠਨ ਕੀਤਾ ਸੀ ਅਤੇ ਐਲ. ਕੇ. ਯਾਦਵ ਦੀ ਅਗਵਾਈ ਵਿਚ ਨਵੀਂ ਸਿਟ ਬਣਾਈ ਗਈ ਸੀ।
WATCH LIVE TV