ਕੈਨੇਡਾ ਦੀ ਸਾਬਕਾ MP ਦੀ ਕੋਠੀ `ਤੇ ਨਜਾਇਜ਼ ਕਬਜ਼ਾ, ਪੰਜਾਬ ਸਰਕਾਰ ਨੇ 48 ਘੰਟਿਆਂ ‘ਚ ਛੁਡਵਾਇਆ
Punjab News:ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਨੀਨਾ ਗਰੇਵਾਲ ਦੇ ਪਿਤਾ ਸਵਰਗੀ ਸ. ਨਿਹਾਲ ਸਿੰਘ ਢਿੱਲੋਂ ਦਾ ਸੇਵਕ ਕਲੋਨੀ ਵਿੱਚ ਸਥਿਤ ਜੱਦੀ ਘਰ, ਜੋ ਕਿ ਪਿਛਲੇ ਕਰੀਬ ਢਾਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਅਤੇ ਪੰਜਾਬ ਸਰਕਾਰ ਵੱਲੋਂ ਦਰਖਾਸਤ ਮਿਲਣ ਤੋਂ ਬਾਅਦ 48 ਘੰਟਿਆਂ ਵਿੱਚ ਕਬਜ਼ਾ ਸੌਂਪਿਆ ਗਿਆ
Punjab News: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਪਟਿਆਲਾ ਪੁੱਜੇ ਹਨ। ਇਸ ਦੌਰਾਨ ਉਹਨਾਂ ਨੇ ਸਾਬਕਾ ਐਮ.ਪੀ. ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦਾ ਪਿਛਲੇ ਕਰੀਬ ਢਾਈ ਸਾਲ ਤੋਂ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ੇ ਹੇਠ ਦੱਬਿਆ ਜੱਦੀ ਘਰ ਛੁਡਵਾ ਕੇ ਘਰ ਦੇ ਦਸਤਾਵੇਜ਼ ਨੀਨਾ ਗਰੇਵਾਲ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਦੀ ਰਾਖੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹਰ ਮਸਲੇ ਅਤੇ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਨੀਨਾ ਗਰੇਵਾਲ ਦੇ ਪਿਤਾ ਸਵਰਗੀ ਸ. ਨਿਹਾਲ ਸਿੰਘ ਢਿੱਲੋਂ ਦਾ ਸੇਵਕ ਕਲੋਨੀ ਵਿੱਚ ਸਥਿਤ ਜੱਦੀ ਘਰ, ਜੋ ਕਿ ਪਿਛਲੇ ਕਰੀਬ ਢਾਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਅਤੇ ਪੰਜਾਬ ਸਰਕਾਰ ਵੱਲੋਂ ਦਰਖਾਸਤ ਮਿਲਣ ਤੋਂ ਬਾਅਦ 48 ਘੰਟਿਆਂ ਵਿੱਚ ਨਿਕਾਸੀ ਦੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਮਰਹੂਮ ਢਿੱਲੋਂ ਦੀ ਨੂੰਹ ਨੀਨਾ ਗਰੇਵਾਲ ਅਤੇ ਨੂਹ ਪਰਵੀਰ ਢਿੱਲੋਂ ਨੂੰ ਅੱਜ ਕਬਜ਼ਾ ਸੌਂਪਿਆ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਜੈਕਲੀਨ ਤੇ ਸੋਨੂੰ ਸੂਦ: ਫਿਲਮ ‘ਫਤਿਹ’ ਦੀ ਸ਼ੂਟਿੰਗ ਹੁਣ ਹੋਵੇਗੀ ਸ਼ੁਰੂ
ਵਰਨਣਯੋਗ ਹੈ ਕਿ ਨੀਨਾ ਗਰੇਵਾਲ ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਅਤੇ ਪਹਿਲੀ ਸਿੱਖ ਪਤੀ-ਪਤਨੀ ਦੀ ਸੰਸਦ ਮੈਂਬਰ ਵੀ ਰਹਿ ਚੁੱਕੀ ਹੈ। ਨੀਨਾ ਗਰੇਵਾਲ ਕੈਨੇਡਾ 'ਚ 4 ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਦੇ ਪਤੀ ਗੁਰਬੰਤ ਸਿੰਘ ਗਰੇਵਾਲ ਵੀ 3 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।
ਇਸ ਮੌਕੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ 'ਪ੍ਰਵਾਸੀ ਪੰਜਾਬੀਆਂ ਨਾਲ ਮਿਲਨੀ' ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਸਮੇਂ ਦੌਰਾਨ, ਆਈਐਨਏ ਦੀਆਂ 623 ਸ਼ਿਕਾਇਤਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਬਾਕੀਆਂ 'ਤੇ ਕਾਰਵਾਈ ਜਾਰੀ ਹੈ।