Amritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ `ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾ
Amritsar News: ਅੰਮ੍ਰਿਤਸਰ ਦਾ ਮੱਲੂ ਨੰਗਲ ਵਿੱਚ ਗੰਦਗੀ ਭਰੇ ਛੱਪੜ ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰਕੇ ਬਣਾ ਦਿੱਤੀ ਗਈ ਝੀਲ ਜੋ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਭੁਲੇਖਾ ਪਾਉਂਦੀ ਹੈ।
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦਾ ਪਿੰਡ ਮੱਲੂ ਨੰਗਲ ਸ਼ਹਿਰਾਂ ਨੂੰ ਮਾਤ ਦੇ ਰਿਹਾ ਹੈ। ਮੱਲੂ ਨੰਗਲ ਵਿੱਚ ਗੰਦਗੀ ਭਰੇ ਛੱਪੜ ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰਕੇ ਬਣਾ ਦਿੱਤੀ ਗਈ ਝੀਲ ਜੋ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਭੁਲੇਖਾ ਪਾਉਂਦੀ ਹੈ। ਪਿੰਡ ਵਿੱਚ ਪੀਣ ਵਾਲੇ ਸਾਫ ਪਾਣੀ ਦੇ ਏਟੀਐਮ ਲਗਾਏ ਗਏ ਹੈ। ਪਿੰਡ ਦੇ ਹਰ ਘਰ ਨੂੰ ਏਟੀਐਮ ਕਾਰਡ ਦਿੱਤੇ ਗਏ ਹਨ।
ਪਿੰਡ ਦਾ ਹਰ ਘਰ ਰੋਜ਼ਾਨਾ ਏਟੀਐਮ ਮਸ਼ੀਨ ਵਿਚੋਂ ਦੋ ਵਾਰੀ ਚ 40 ਲੀਟਰ ਸਾਫ ਪਾਣੀ ਲਿਜਾ ਸਕਦਾ ਹੈ। ਸਾਰੇ ਪਿੰਡ ਵਿੱਚ ਸੜਕਾਂ, ਨਾਲੀਆਂ ਅਤੇ ਸਟਰੀਟ ਲਾਈਟਾਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਝੀਲ ਦੇ ਆਲੇ-ਦੁਆਲੇ ਖਜੂਰ ਦੇ ਬੂਟੇ ਲਗਾਏ ਗਏ ਹਨ। ਪਿੰਡ ਦੀ ਹਰ ਗਲੀ ਵਿੱਚ ਸਪੀਕਰ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਜਾਰੀ ਸ਼ਬਦ ਕੀਰਤਨ ਸਰਵਣ ਕੀਤਾ ਜਾ ਸਕਦਾ ਹੈ।
ਪਿੰਡ ਦਾ ਸਮਾਰਟ ਸਕੂਲ ਸ਼ਹਿਰ ਦੇ ਨਿੱਜੀ ਸਕੂਲੋਂ ਨਾਲ ਵੀ ਬਿਹਤਰ ਹੈ। ਅੰਮ੍ਰਿਤਸਰ ਦਾ ਪਿੰਡ ਮੱਲੂ ਨੰਗਲ ਅੰਮ੍ਰਿਤਸਰ ਦਾ ਪਹਿਲਾ ਪਿੰਡ ਹੈ ਜਿੱਥੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਛੱਪੜ ਨੂੰ ਝੀਲ ਦਾ ਰੂਪ ਦੇ ਦਿੱਤਾ ਗਿਆ ਅਤੇ ਇਸ ਪਿੰਡ ਦੇ ਵਿੱਚ ਪਾਣੀ ਦੇ ਏਟੀਐਮ ਲਗਾਏ ਗਏ ਹਨ। ਏਟੀਐਮ ਮਸ਼ੀਨ ਤੋਂ ਕਾਰਡ ਲਗਾ ਕੇ ਪੀਣ ਵਾਲਾ ਪਾਣੀ ਨਿਕਲਦਾ ਹੈ।
ਗੁਰਵਿੰਦਰ ਸਿੰਘ ਮੱਲੂ ਨੰਗਲ ਪਿੰਡ ਵਾਸੀ ਨੇ ਕਿਹਾ ਕਿ ਜਦੋਂ ਇਸ ਪਿੰਡ ਦੀ ਪੰਚਾਇਤ ਬਣੀ ਸੀ ਤਾਂ ਸਰਪੰਚ ਨੇ ਪਹਿਲੇ ਹੀ ਐਲਾਨ ਕਰ ਦਿੱਤਾ ਸੀ ਕਿ ਇਸ ਪਿੰਡ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਇਸ ਪਿੰਡ ਦੇ ਛੱਪੜ ਤੇ ਪਾਣੀ ਨੂੰ ਬਦਲ ਕੇ ਝੀਲ ਦਾ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਝੀਲ ਦੇ ਆਲੇ-ਦੁਆਲੇ ਖਜੂਰ ਦੇ ਬੂਟੇ ਲਗਾਏ ਗਏ ਹਨ।
ਲੋਕ ਝੀਲ ਦੇ ਆਲੇ ਦੁਆਲੇ ਸੈਰ ਵੀ ਕਰਦੇ ਹਨ। ਝੀਲ ਦੇ ਵਿੱਚ ਇੱਕ ਪੁੱਲ ਬਣਾਇਆ ਗਿਆ ਹੈ ਜਿੱਥੇ ਲੋਕ ਜਾ ਸਕਦੇ ਹਨ ਅਤੇ ਝੀਲ ਦਾ ਨਜ਼ਾਰਾ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਝੀਲ ਦੇ ਅੰਦਰ ਬੱਤਖਾਂ ਵੀ ਚੱਲਦੀਆਂ ਹਨ ਅਤੇ ਆਉਣ ਵਾਲੇ ਦਿਨਾਂ ਉਤੇ ਝੀਲ ਦੇ ਅੰਦਰ ਕਿਸ਼ਤੀਆਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਆਲੇ-ਦੁਆਲੇ ਦੇ ਪਿੰਡ ਵਾਲੇ ਸਾਡੇ ਪਿੰਡ ਆਉਂਦੇ ਹਨ ਅਤੇ ਝੀਲ ਦੇ ਲਾਗੇ ਪਿਕਨਿਕ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਾਰ ਖੂਹ ਬਣਾਏ ਗਏ ਹਨ ਜਿਹਦੇ ਵਿੱਚ ਸਟੈਪ ਵਾਇਸ ਸਟੈਪ ਪਾਣੀ ਨੂੰ ਰੀਸਾਈਕਲ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਪਾਣੀ ਨੂੰ ਖੇਤੀ ਲਈ ਵੀ ਇਸਤੇਮਾਲ ਕਰਨਗੇ। ਕੁਲਵੰਤ ਸਿੰਘ ਪਿੰਡ ਮੱਲੂ ਨੰਗਲ ਨਿਵਾਸੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਦੋ ਏਟੀਐਮ ਮਸ਼ੀਨ ਲੱਗੀਆਂ ਹੋਈਆਂ ਹਨ। ਇਸ ਤੋਂ ਪੀਣ ਵਾਲਾ ਸਾਫ ਪਾਣੀ ਨਿਕਲਦਾ ਹੈ, ਉਨ੍ਹਾਂ ਨੇ ਕਿਹਾ ਕਿ ਇੱਕ ਮਸ਼ੀਨ ਝੀਲ ਦੇ ਕੋਲ ਲੱਗੀ ਹੋਈ ਹੈ ਤੇ ਇੱਕ ਮਸ਼ੀਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਹਰ ਇੱਕ ਘਰ ਨੂੰ ਉਨ੍ਹਾਂ ਵੱਲੋਂ ਕਾਰਡ ਦਿੱਤੇ ਗਏ ਹਨ ਅਤੇ ਇੱਕ ਕਾਰਡ ਤੋਂ ਦਿਲ ਵਿਚ ਦੋ ਵਾਰੀ 40 ਲੀਟਰ ਸਾਫ ਪਾਣੀ ਨਿਕਲਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਸਮਾਰਟ ਸਕੂਲ ਸ਼ਹਿਰਾਂ ਦੇ ਨਿੱਜੀ ਸਕੂਲਾਂ ਦੇ ਨਾਲ ਵੀ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਪਿੰਡ ਦੀ ਹਰ ਗਲੀ ਵਿੱਚ ਸਪੀਕਰ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਸ੍ਰੀ ਹਰਮਿੰਦਰ ਸਾਹਿਬ ਵਿੱਚ ਜਾਰੀ ਸ਼ਬਦ ਕੀਰਤਨ ਦਾ ਸਰਵਣ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਪੰਚ ਮੈਂਬਰ ਵੱਖ-ਵੱਖ ਪਾਰਟੀਆਂ ਤੋਂ ਸਬੰਧ ਰੱਖਦੇ ਹਨ ਪਰ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਉਹ ਸਾਰੇ ਇਕੱਠੇ ਹੋ ਕੇ ਪਿੰਡ ਦਾ ਵਿਕਾਸ ਕਰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਬਾਕੀ ਪਿੰਡਾਂ ਨੂੰ ਵੀ ਅਪੀਲ ਕੀਤੀ ਜੋ ਪਿੰਡਾਂ ਨੂੰ ਗਰਾਂਟ ਆਉਂਦੀ ਹੈ ਉਸ ਦਾ ਸਹੀ ਇਸਤੇਮਾਲ ਕਰਕੇ ਆਪਣੇ ਪਿੰਡਾਂ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਪਿੰਡ ਦੇ ਚਰਚੇ ਪੂਰੇ ਪੰਜਾਬ ਵਿੱਚ ਹੋ ਸਕਣ।
ਇਹ ਵੀ ਪੜ੍ਹੋ : Barnala News: ਪਿੰਡ ਮੇਹਤਾ ਦੇ ਸ਼ਹੀਦ ਅਗਨੀਵੀਰ ਦੇ ਪਰਿਵਾਰ ਦੇ ਜ਼ਖਮ ਅਜੇ ਵੀ ਅੱਲ੍ਹੇ, ਕਿਹਾ ਸਰਕਾਰ ਨੇ ਨਹੀਂ ਕੀਤੀ ਕੋਈ ਸਹਾਇਤਾ