ਸੁਧੀਰ ਸੂਰੀ ਦੀ ਹੱਤਿਆ ਦੇ ਕੈਨੇਡਾ ਨਾਲ ਜੁੜੇ ਤਾਰ, ਗੈਂਗਸਟਰ ਲਖਬੀਰ ਲੰਡਾ ਨੇ ਲਈ ਜ਼ਿੰਮੇਵਾਰੀ
ਹਿੰਦੂ ਆਗੂ ਸੁਧੀਰ ਸੂਰੀ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ’ਚ ਬੈਠੇ ਖ਼ਾਲਿਸਤਾਨੀ ਅੱਤਵਾਦੀ ਲਖਬੀਰ ਲੰਡਾ ਨੇ ਜ਼ਿੰਮੇਵਾਰੀ ਲਈ ਹੈ, ਪਿਛਲੇ ਕਾਫ਼ੀ ਸਮੇਂ ਤੋਂ ਸੁਧੀਰ ਸੂਰੀ (Sudhir Suri) ਦੀ ਹੱਤਿਆ ਦੀ ਸਾਜਿਸ਼ ਰੱਚੀ ਜਾ ਰਹੀ ਸੀ।
ਚੰਡੀਗੜ੍ਹ: ਅੰਮ੍ਰਿਤਸਰ ’ਚ ਸ਼ੁੱਕਰਵਾਰ ਨੂੰ ਹਿੰਦੂ ਆਗੂ ਸੁਧੀਰ ਸੂਰੀ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ’ਚ ਬੈਠੇ ਖ਼ਾਲਿਸਤਾਨੀ ਅੱਤਵਾਦੀ ਲਖਬੀਰ ਲੰਡਾ ਨੇ ਜ਼ਿੰਮੇਵਾਰੀ ਲਈ ਹੈ।
ਅੱਤਵਾਦੀ ਲਖਬੀਰ ਪਿਛਲੇ ਕਾਫ਼ੀ ਸਮੇਂ ਤੋਂ ਸੁਧੀਰ ਸੂਰੀ (Sudhir Suri) ਦੀ ਹੱਤਿਆ ਦੀ ਸਾਜਿਸ਼ ਰੱਚ ਰਿਹਾ ਸੀ। ਇਸ ਗੱਲ ਦਾ ਖ਼ੁਲਾਸਾ ਕੁਝ ਦਿਨ ਪਹਿਲਾਂ ਪੁਲਿਸ ਵਲੋਂ ਕਾਬੂ ਕੀਤੇ ਗਏ ਲੰਡਾ ਦੇ ਕਰੀਬੀਆਂ ਨੇ ਕੀਤੀ ਸੀ। ਹਾਲਾਂਕਿ ਹਿੰਦੂ ਆਗੂ ਦੀ ਹੱਤਿਆ ਤੋਂ ਕੁਝ ਦੇਰ ਬਾਅਦ ਹੀ ਹਮਲਾਵਰ ਸੰਦੀਪ ਉਰਫ਼ ਸੈਂਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਤਰਨਤਾਰਨ ਨਾਲ ਸਬੰਧਤ ਲਖਬੀਰ ਲੰਡਾ (Lakhbir Singh Landa) ਜੋ ਹਾਲ ਦੀ ਘੜੀ ਕੈਨੇਡਾ (Canada Based) ’ਚ ਰਹਿ ਰਿਹਾ ਹੈ ਨੇ 'ਲੰਡਾ ਹਰੀਕੇ' ਨਾਮ ਦੇ ਸੋਸ਼ਲ ਮੀਡੀਆ ’ਤੇ ਪੋਸਟ ਪਾਕੇ ਹਿੰਦੂ ਆਗੂ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਗਿਆ ਹੈ ਕਿ ਸੂਰੀ ਨੂੰ ਸਾਡੇ ਭਰਾਵਾਂ ਨੇ ਮਾਰਿਆ ਹੈ। ਬਾਕੀ ਜੋ ਕੋਈ ਵੀ ਕਿਸੇ ਧਰਮ ਜਾ ਕੌਮ ਬਾਰੇ ਮਾੜਾ ਬੋਲਦੇ ਹਨ, ਉਹ ਵੀ ਤਿਆਰੀ ਰੱਖਣ, ਵਾਰੀ ਸਾਰਿਆਂ ਦੀ ਆਉਗੀ। ਸਕਿਓਰਟੀ ਲੈਕੇ ਇਹ ਨਾ ਸਮਝਣ ਕਿ ਬੱਚ ਜਾਣਗੇ। ਜਿਹੜੇ ਵੀ ਭਰਾ ਅੱਜ ਤੱਕ ਸਾਡੇ ਨਾਲ ਖੜ੍ਹੇ, ਜਿਨ੍ਹਾਂ ਸਮਾਂ ਸਾਡੇ ਸਾਹ ਚਲਣਗੇ, ਅਸੀਂ ਉਨ੍ਹਾਂ ਨਾਲ ਖੜਾਂਗੇ।
ਅਜੇ ਤਾਂ ਸ਼ੁਰੂਆਤ ਹੋਈ ਆ, ਹੱਕ ਲੈਣੇ ਹਾਲੇ ਬਾਕੀ ਨੇ।
ਹਾਲਾਂਕਿ ਜ਼ੀ ਨਿਊਜ਼ ਇਸ ਸੋਸ਼ਲ ਮੀਡੀਆ ਪੋਸਟ (Social Media Post) ਦੀ ਪੁਸ਼ਟੀ ਨਹੀਂ ਕਰਦਾ। ਪੁਲਿਸ ਅਧਿਕਾਰੀਆਂ ਮੁਤਾਬਕ ਸਾਈਬਰ ਸੈੱਲ ਉਸ ਆਈਪੀ ਐਡਰੈੱਸ (IP Address) ’ਤੇ ਕੰਮ ਕਰ ਰਿਹਾ ਹੈ, ਜਿਸ ਤੋਂ ਇਹ ਪੋਸਟ ਪਾਈ ਗਈ ਹੈ।
ਜ਼ਿਕਰਯੋਗ ਹੈ ਕਿ ਹਿੰਦੂ ਆਗੂ ਤੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੀ ਸ਼ੁੱਕਰਵਾਰ ਨੂੰ ਮਜੀਠਾ ਰੋਡ ’ਤੇ ਸਥਿਤ ਗੋਪਾਲ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ’ਚੋਂ ਇੱਕ ਹੈ।