ਚੰਡੀਗੜ੍ਹ:  ਤਰਨਤਾਰਨ ਕਸਬੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ। ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਟਰੈਕਟਰ ਅਤੇ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ 6 ਮੁਲਜ਼ਮਾਂ ਸੁਖਜਿੰਦਰ ਤੇ ਬਲਦੇਵ ਸਿੰਘ ਵਾਸੀ ਦੁੱਗਲਵਾਲਾ, ਗੁਰਜਬਾਲ ਸਿੰਘ ਵਾਸੀ ਅਲੀਪੁਰ, ਗੁਰਜੰਟ ਸਿੰਘ, ਗੁਰਸੇਵਕ ਸਿੰਘ ਤੇ ਕਰਮ ਸਿੰਘ ਵਾਸੀ ਰੂੜੀਵਾਲਾ ਸਮੇਤ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


COMMERCIAL BREAK
SCROLL TO CONTINUE READING

ਘਟਨਾ ਤਰਨਤਾਰਨ ਦੇ ਪਿੰਡ ਦੁੱਗਲਵਾਲਾ ਦੀ ਹੈ। ਪਿੰਡ ਦੇ ਗੇਜਾ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਪਿੰਡ ਵਿੱਚ 22 ਕਨਾਲ ਜ਼ਮੀਨ ਹੈ, ਜਿਸ ਵਿੱਚ ਉਸ ਦੇ ਭਤੀਜੇ ਪਰਮਜੀਤ ਸਿੰਘ ਦੀ ਵੀ ਹਿੱਸੇਦਾਰੀ ਹੈ। ਪਿੰਡ ਦੇ ਕੁਝ ਲੋਕ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਐਤਵਾਰ ਸਵੇਰੇ ਪਿੰਡ ਦੇ ਸੁਖਜਿੰਦਰ ਸਿੰਘ ਤੇ ਬਲਦੇਵ ਸਿੰਘ ਆਪਣੇ ਸਾਥੀਆਂ ਸਮੇਤ ਟਰੈਕਟਰ ਲੈ ਕੇ ਪੁੱਜੇ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ।



ਗੋਲੀਆਂ ਚੱਲਣ ਅਤੇ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਵੀ ਖੇਤਾਂ ਵਿੱਚ ਪਹੁੰਚ ਗਏ। ਜ਼ਿਆਦਾ ਲੋਕ ਆਉਂਦੇ ਦੇਖ ਮੁਲਜ਼ਮ ਟਰੈਕਟਰ ਤੇ ਮੋਟਰ ਸਾਈਕਲ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।


ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ 6 ਮੁਲਜ਼ਮਾਂ ਅਤੇ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਹਵਾ ਵਿੱਚ ਗੋਲੀ ਚਲਾਉਣ ਅਤੇ ਦਹਿਸ਼ਤ ਫੈਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਵੱਲੋਂ ਖੇਤਾਂ ਵਿੱਚ ਛੱਡਿਆ ਟਰੈਕਟਰ ਅਤੇ ਮੋਟਰ ਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।