Gurdwara Sis Ganj Sahib (ਬਿਮਲ ਸ਼ਰਮਾ):  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਲੈ ਕੇ ਦਿੱਲੀ ਤੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਪਹੁੰਚੇ ਸਨ। ਉਸ ਸਥਾਨ ਤੋਂ ਪੰਜ ਪਿਆਰਿਆਂ ਤੇ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਹੋਇਆ ਸੀ ਉਸ ਅਸਥਾਨ ਉਤੇ ਦੇਰ ਸ਼ਾਮ ਪਹੁੰਚੇਗਾ। ਨੌਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਭਾਈ ਜੈਤਾ ਜੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਲੈ ਕੇ ਆਏ ਸਨ।


COMMERCIAL BREAK
SCROLL TO CONTINUE READING

ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਉਹ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਪਹੁੰਚੇ ਸਨ ਤੇ ਇਸ ਜਗ੍ਹਾ ਉਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੇ ਸੰਗਤ ਨੂੰ ਨਾਲ ਲੈ ਕੇ ਗੁਰੂ ਜੀ ਦੇ ਸੀਸ ਨੂੰ ਲੈਣ ਲਈ ਪਹੁੰਚੇ ਸਨ। ਉਨ੍ਹਾਂ ਨੂੰ ਯਾਦ ਕਰਦੇ ਹੋਏ ਜਿਸ ਤਰੀਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀਸ ਨੂੰ ਲੈਣ ਲਈ ਪਹੁੰਚੇ ਸਨ।


ਉਸ ਯਾਦ ਨੂੰ ਮੁੜ ਤੋਂ ਤਾਜ਼ਾ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਇਆ ਜਾਂਦਾ ਹੈ।
ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਗ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਵੇਗਾ। ਜਿੱਥੇ ਰਸਤੇ ਵਿਚ ਸੰਗਤ ਵੱਲੋਂ ਬੜੇ ਹੀ ਸਤਿਕਾਰ ਨਾਲ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਦੇਰ ਸ਼ਾਮ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੇਗਾ। 


ਜੇਕਰ ਇਤਿਹਾਸ ਉਤੇ ਨਜ਼ਰ ਮਾਰੀਏ ਤਾਂ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਭੌਰਾ ਸਾਹਿਬ ਆਪਣੇ ਪੂਰੇ ਪਰਿਵਾਰ ਸਮੇਤ ਰਿਹਾ ਕਰਦੇ ਸਨ ਤੇ ਇੱਥੇ ਹੀ ਉਹ ਇਤਿਹਾਸਿਕ ਸਥਾਨ ਵੀ ਮੌਜੂਦ ਹੈ ਜਿੱਥੇ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਆ ਕੇ ਨੌਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ ਤੇ ਔਰੰਗਜੇਬ ਉਨ੍ਹਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਿਹਾ ਸੀ।


ਗੁਰੂ ਤੇਗ਼ ਬਹਾਦਰ ਜੀ ਨੇ ਉਨ੍ਹਾਂ ਦੀ ਫ਼ਰਿਆਦ ਸੁਣ ਕਿਹਾ ਸੀ ਕਿ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਕੋਲ ਬੈਠੇ 9 ਸਾਲਾਂ ਦੇ ਗੋਬਿੰਦ ਰਾਇ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ। ਫੇਰ ਉਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਜਾਓ ਔਰੰਗਜੇਬ ਨੂੰ ਕਹਿ ਦਿਓ ਕਿ ਜੇਕਰ ਤੇਗ ਬਹਾਦਰ ਮੁਸਲਮਾਨ ਬਣ ਜਾਵੇ ਤਾਂ ਉਹ ਇਸਲਾਮ ਕਬੂਲ ਕਰ ਲੈਣਗੇ ਫੇਰ ਅਸੀਂ ਵੀ ਕਰ ਲਵਾਂਗੇ।


ਇਸ ਸਥਾਨ ਉਤੇ ਹੀ ਗੁਰਦੁਆਰਾ "ਥੜਾ ਸਾਹਿਬ" ਮੌਜੂਦ ਹੈ। ਇਹ ਉਹੀ ਸਥਾਨ ਹੈ ਜਿੱਥੇ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਆਏ ਸੀ ਤੇ ਉਨ੍ਹਾਂ ਨੇ ਗੁਰੂ ਜੀ ਅੱਗੇ ਫ਼ਰਿਆਦ ਕੀਤੀ ਸੀ ਕਿ ਔਰੰਗਜੇਬ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਰਿਹਾ ਹੈ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਅਤੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਇਸੇ ਸਥਾਨ ਤੋਂ ਚੱਲ ਕੇ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਸ਼ਹਾਦਤ ਦਿੱਤੀ ਸੀ।


ਇਸ ਸਥਾਨ ਦੇ ਬਿਲਕੁਲ ਨਜ਼ਦੀਕ ਉਹ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਜੀ ਨੇ ਸ਼ਹਾਦਤ ਦਿੱਤੀ । ਭਾਈ ਜੈਤਾ ਜੀ ਉਨ੍ਹਾਂ ਦੇ ਸੀਸ ਨੂੰ ਛੁਪਾ ਕੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉਤੇ ਪਹੁੰਚੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਬੜੇ ਆਦਰ ਤੇ ਸਤਿਕਾਰ ਨਾਲ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਲਿਆਂਦਾ।


ਇਸ ਸਥਾਨ ਉਤੇ ਉਨ੍ਹਾਂ ਦੇ ਸੀਸ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ। ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਦੇ ਸੀਸ ਦੇ ਸੰਸਕਾਰ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਤੇ ਜਬਰ-ਜ਼ੁਲਮ ਦੇ ਖਿਲਾਫ਼ ਸ਼ਾਸ਼ਤਰ ਧਾਰੀ ਹੋਣ ਦੀ ਪ੍ਰੇਰਨਾ ਦਿੱਤੀ ਸੀ।