ਚੰਡੀਗੜ: ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਰੋਪੜ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀ. ਵੀ. ਆਈ. ਪੀ. ਸਹੂਲਤਾਂ ਦੇਣ ਦੇ ਮਾਮਲੇ ਵਿਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਰਿਪੋਰਟ ਵਿਚ ਸਾਬਕਾ ਜੇਲ੍ਹ ਮੰਤਰੀ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ ।


COMMERCIAL BREAK
SCROLL TO CONTINUE READING

 


ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿਚ ਦਿੱਤਾ ਗਿਆ ਸੀ ਵੀ. ਆਈ. ਪੀ. ਟ੍ਰੀਟਮੈਂਟ


ਮੁੱਖ ਮੰਤਰੀ ਨੂੰ ਸੌਂਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਖਤਾਰ ਅੰਸਾਰੀ ਨੂੰ ਸਿਰਫ਼ ਨਾਂ ’ਤੇ ਹੀ ਕੈਦ ਕੀਤਾ ਗਿਆ ਸੀ ਜਦੋਂਕਿ ਉਹ ਰੋਪੜ ਜੇਲ੍ਹ ਵਿਚ ਅਫ਼ਸਰ ਕੁਆਰਟਰਾਂ ਵਿਚ ਪੂਰੀਆਂ ਸਹੂਲਤਾਂ ਨਾਲ ਰਹਿੰਦਾ ਰਿਹਾ। ਉੱਥੇ ਉਸ ਦੀ ਪਤਨੀ ਵੀ ਅਕਸਰ ਆਉਂਦੀ ਰਹਿੰਦੀ ਸੀ। ਹਾਲਾਂਕਿ ਜੇਲ ਮੰਤਰੀ ਬੈਂਸ ਨੇ ਆਪਣੀ ਰਿਪੋਰਟ ਜਨਤਕ ਨਹੀਂ ਕੀਤੀ ਪਰ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ 'ਚ ਕਈ ਵੱਡੇ ਚਿਹਰੇ ਬੇਨਕਾਬ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਉੱਚ ਕਮੇਟੀ ਦਾ ਗਠਨ ਕੀਤਾ ਹੈ। ਉਸ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


 


ਕਿਸ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ ਲਿਆਂਦਾ ਗਿਆ ਸੀ ਪੰਜਾਬ


ਮੁਖਤਾਰ ਅੰਸਾਰੀ 'ਤੇ ਪੰਜਾਬ ਦੇ ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼ ਸੀ। ਉਸ ਨੂੰ ਪੰਜਾਬ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਂਦਾ ਗਿਆ ਸੀ। 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਪਿਛਲੇ ਸਾਲ ਅਪ੍ਰੈਲ 'ਚ ਉਸ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜੇਲ੍ਹ ਮੰਤਰੀ ਬੈਂਸ ਨੇ ਗੈਂਗਸਟਰ ਅੰਸਾਰੀ ਨੂੰ ਵੀ. ਵੀ. ਆਈ. ਪੀ. ਟਰੀਟਮੈਂਟ ਦੇਣ ਦਾ ਮੁੱਦਾ ਸਦਨ ​​ਵਿਚ ਉਠਾਇਆ ਸੀ, ਜਿਸ ਕਾਰਨ ਸਦਨ ਵਿਚ ਕਾਫੀ ਹੰਗਾਮਾ ਹੋਇਆ।


 


ਵਿਧਾਨ ਸਭਾ 'ਚ ਆਹਮੋ-ਸਾਹਮਣੇ ਹੋਏ ਸਾਬਕਾ ਅਤੇ ਮੌਜੂਦਾ ਜੇਲ੍ਹ ਮੰਤਰੀ


ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਸ ਨੂੰ ਸਦਨ ਵਿਚ ਚੁਣੌਤੀ ਦਿੱਤੀ ਸੀ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿਚ ਰਹਿੰਦੀ ਸੀ, ਮੰਤਰੀ ਸਾਬਿਤ ਕਰਨ। ਫਿਰ ਮੰਤਰੀ ਬੈਂਸ ਨੇ ਦਾਅਵਾ ਕੀਤਾ ਕਿ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ। ਬੈਂਸ ਨੇ ਸਦਨ ਵਿਚ ਖੁਲਾਸਾ ਕੀਤਾ ਸੀ ਕਿ ਅੰਸਾਰੀ ਨੂੰ ਫਰਜ਼ੀ ਐਫ. ਆਈ. ਆਰ. ਦਰਜ ਕਰਵਾ ਕੇ ਦੋ ਸਾਲ, ਤਿੰਨ ਮਹੀਨੇ ਪੰਜਾਬ ਦੀ ਜੇਲ੍ਹ ਵਿਚ ਰੱਖਿਆ ਗਿਆ।


 


 


WATCH LIVE TV