ਜੈਨੀ ਜੌਹਲ ਦਾ ਗੀਤ `Letter to CM` ਵਿਰੋਧੀ ਪਾਰਟੀਆਂ ਵਲੋਂ Social Media ’ਤੇ ਸ਼ੇਅਰ
ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਬਾਅਦ ਹੁਣ ਸਿਆਸਤਦਾਨ ਵੀ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਗੀਤ `ਲੈਟਰ ਟੂ ਸੀਐੱਮ` ਦੇ ਸਮਰਥਨ ’ਚ ਆ ਗਏ ਹਨ।
ਚੰਡੀਗੜ੍ਹ: ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'Letter to CM' ਮਾਨ ਸਰਕਾਰ ਦੇ ਗਲ਼ੇ ਹੀ ਹੱਡੀ ਬਣ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਅਗਲੇ ਦਿਨ ਹੀ ਸੋਸ਼ਲ ਮੀਡੀਆ ਪਲੇਟਫ਼ਾਰਮ ਯੂ-ਟਿਊਬ (YouTube) ਤੋਂ ਕਾਪੀਰਾਈਟ ਵਿਵਾਦ ਦੇ ਚੱਲਦਿਆਂ ਹਟਾ ਦਿੱਤਾ ਗਿਆ, ਹਾਲਾਂਕਿ ਵਿਰੋਧੀਆਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੇ ਸ਼ਿਕਾਇਤ ’ਤੇ ਗੀਤ ਨੂੰ ਹਟਾਇਆ ਗਿਆ ਹੈ।
ਹੁਣ ਇਸ ਗੀਤ ਦੇ ਮੁੱਦੇ ’ਤੇ ਹੀ ਸੂਬੇ ’ਚ ਸਿਆਸੀ ਮਾਹੌਲ ਭੱਖ਼ ਗਿਆ ਹੈ, ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਪੇ ਤੇ ਹੁਣ ਸਿਆਸਤਦਾਨ ਵੀ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਗੀਤ 'ਲੈਟਰ ਟੂ ਸੀਐੱਮ' ਦੇ ਸਮਰਥਨ ’ਚ ਆ ਗਏ ਹਨ।
ਅਕਾਲੀ ਦਲ ਵਲੋਂ ਗੀਤ ਦੇ ਸਮਰਥਨ ’ਚ ਕੀਤਾ ਜਾਵੇਗਾ ਮਾਰਚ
ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਨੇ ਆਪਣੇ ਫੇਸਬੁੱਕ ਪੇਜ ’ਤੇ ਇਸ ਗੀਤ ਦੇ ਕੁਝ ਬੋਲ ਸਾਂਝੇ ਕੀਤੇ ਹਨ ਅਤੇ ਪੋਸਟ ਪਾਉਂਦਿਆ ਲਿਖਿਆ, "ਸੱਚ ਬੋਲਣ ਦੀ ਜ਼ੁਰਅੱਤ ਰੱਖਣ ਵਾਲੇ ਹਰ ਇਨਸਾਨ ਨਾਲ ਅਸੀਂ ਖੜ੍ਹੇ ਹਾਂ। ਸੱਚ ਦੀ ਆਵਾਜ਼ ਬਣ ਕੇ ਇਹ ਗੀਤ ਫਿਜ਼ਾਵਾਂ ਵਿੱਚ ਗੂੰਝਦਾ ਰਹੇਗਾ ਅਸੀਂ ਲੋਕਤੰਤਰ ਵਿੱਚ ਰਹਿ ਰਹੇ ਹਾਂ ਤਾਨਾਸ਼ਾਹੀ ਵਿੱਚ ਨਹੀਂ। ਇਸ ਸੱਚ ਨੂੰ ਕੋਈ ਤਾਕਤ ਵੀ ਦਬਾ ਨਹੀਂ ਸਕਦੀ।
ਹੋਰ ਤਾਂ ਹੋਰ ਬਿਕਰਮ ਮਜੀਠੀਆ ਵਲੋਂ ਐਲਾਨ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਇਸ ਗੀਤ ਨੂੰ ਉੱਚੀ ਅਵਾਜ਼ ’ਚ ਸਪਕੀਰਾਂ ’ਤੇ ਲਗਾਕੇ ਚੰਡੀਗੜ੍ਹ ’ਚ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਰਿਹਾਇਸ਼ ਤੱਕ ਮਾਰਚ ਕੀਤਾ ਜਾਵੇਗਾ।
'ਆਪ' ਆਪਣੀ ਮੂਲ ਪਾਰਟੀ ਭਾਜਪਾ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ: ਵੜਿੰਗ
ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਇਸ ਗੀਤ ਦੇ ਬੋਲ ਆਪਣੇ ਫੇਸਬੁੱਕ ਪੇਜ ’ਤੇ ਸਾਂਝੇ ਕੀਤੇ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੋਸਟ ’ਚ ਲਿਖਿਆ ਕਿ ਲੋਕਾਂ ਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ? ਸੱਚ ਬੋਲਣ ਵਾਲੇ ਗੀਤ ’ਤੇ ਪਾਬੰਦੀ ਕਿਉਂ?
ਆਪ ਸਰਕਾਰ ਆਪਣੀ ਮੂਲ ਪਾਰਟੀ ਭਾਰਤੀ ਜਨਤਾ ਪਾਰਟੀ (BJP) ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ, ਜਿਸ ਨੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਗੀਤ (SYL) ’ਤੇ ਪਾਬੰਦੀ ਲਗਾ ਦਿੱਤੀ ਸੀ। ਮਾਨ ਸਰਕਾਰ ਦੀ ਵੱਡੀ ਭੁੱਲ ਹੈ ਕਿ ਗੀਤ ’ਤੇ ਪਾਬੰਦੀ ਲਗਾ ਕੇ ਲੋਕਾਂ ਦੀ ਆਵਾਜ਼ ਨੂੰ ਰੋਕਿਆ ਜਾ ਸਕਦਾ ਹੈ, ਬਲਕਿ ਇਹ ਗੀਤ ਹੋਰ ਵੀ ਵਾਇਰਲ ਹੋਵੇਗਾ।