Dilroz Murder Case: ਦਿਲਰੋਜ਼ ਹੱਤਿਆ ਕਾਂਡ; ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ, 18 ਅਪ੍ਰੈਲ ਨੂੰ ਹੋਵੇਗਾ ਸਜ਼ਾ ਦਾ ਐਲਾਨ
Dilroz Murder Case: ਲੁਧਿਆਣਾ ਦੇ ਬਹੁਚਰਚਿਤ ਦਿਲਰੋਜ਼ ਕਤਲ ਕੇਸ ਵਿੱਚ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੇਸ ਦੀ ਅਗਲੀ ਸੁਣਵਾਈ 18 ਅਪ੍ਰੈਲ ਤੈਅ ਕੀਤੀ ਹੈ।
Dilroz Murder Case: ਲੁਧਿਆਣਾ ਦੇ ਬਹੁਚਰਚਿਤ ਦਿਲਰੋਜ਼ ਕਤਲ ਕੇਸ ਵਿੱਚ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਗਲੀ ਸੁਣਵਾਈ ਇਸ ਮਹੀਨੇ ਦੀ 18 ਤਰੀਕ ਤੈਅ ਕੀਤੀ ਹੈ, ਜਿਸ ਦਿਨ ਅਦਾਲਤ ਆਪਣਾ ਫੈਸਲਾ ਦੇਵੇਗੀ ਕਿ ਦੋਸ਼ੀ ਔਰਤ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਉਮਰ ਕੈਦ ਦੀ ਸਜ਼ਾ।
ਕਾਬਿਲੇਗੌਰ ਹੈ ਕਿ ਮੁਲਜ਼ਮ ਔਰਤ ਤਲਾਕਸ਼ੁਦਾ ਹੈ ਤੇ ਉਸ ਦੇ ਦੋ ਬੱਚੇ ਹਨ। ਇਸ ਲਈ ਚਰਚਾ ਚੱਲ ਰਹੀ ਹੈ ਉਸ ਨੂੰ ਘੱਟ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਪੀੜਤ ਧਿਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਬਹੁਤ ਗੰਭੀਰ ਹੈ, ਇਸ ਲਈ ਉਸ ਨੇ ਕਈ ਅਦਾਲਤੀ ਫੈਸਲੇ ਵੀ ਪੇਸ਼ ਕੀਤੇ ਹਨ ਦੇਖਣਾ ਹੋਵੇਗਾ ਕਿ ਬੁੱਧਵਾਰ ਸਵੇਰੇ 10 ਵਜੇ ਅਦਾਲਤ ਕੀ ਫੈਸਲਾ ਦਿੰਦੀ ਹੈ।
ਦੱਸਣਯੋਗ ਹੈ ਕਿ ਢਾਈ ਸਾਲ ਪਹਿਲਾਂ ਢਾਈ ਸਾਲ ਦੇ ਮਾਸੂਮ ਦਿਲਰੋਜ਼ ਦਾ ਉਸ ਦੇ ਗੁਆਂਢ 'ਚ ਰਹਿਣ ਵਾਲੀ ਔਰਤ ਨੇ ਕਤਲ ਕਰ ਦਿੱਤਾ ਸੀ। ਬੱਚੀ ਦੀ ਮਾਂ ਨੇ ਇਸ ਮੌਕੇ ਮੁਲਜ਼ਮ ਔਰਤ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ। ਮਾਸੂਮ ਬੱਚੇ ਨੂੰ ਉਸ ਦੇ ਘਰ ਤੋਂ ਕਰੀਬ 10 ਕਿਲੋਮੀਟਰ ਦੂਰ ਇੱਕ ਥਾਂ 'ਤੇ ਲਿਜਾ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ।
ਨੀਲਮ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕਰ ਲਿਆ ਸੀ
ਕਾਤਲ ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿਲਰੋਜ਼ ਨੂੰ ਐਲਡੀਕੋ ਨੇੜੇ ਖਾਲੀ ਥਾਂ ’ਤੇ ਲੈ ਗਈ। ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ। ਨੀਲਮ ਦੇ ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਅਤੇ ਬੱਚੀ ਨੂੰ ਟੋਏ 'ਚੋਂ ਬਾਹਰ ਕੱਢਿਆ। ਲੜਕੀ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੀਲਮ ਵਿਰੁੱਧ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਬੱਚੇ ਦੀ ਮੌਤ ਤੋਂ ਬਾਅਦ ਕਤਲ (302) ਅਤੇ ਸਬੂਤ ਨਸ਼ਟ ਕਰਨ (201) ਦੀਆਂ ਵਾਧੂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।
ਉਦੋਂ ਤੋਂ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਹੁਣ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀੜਤਾ ਦੇ ਮਾਪਿਆਂ ਵੱਲੋਂ ਪੈਰਵੀ ਕਰ ਰਹੇ ਵਕੀਲ ਪੀਐਸ ਘੁੰਮਣ ਨੇ ਅਦਾਲਤ ਦੇ ਫੈਸਲੇ ਦੀ ਪੁਸ਼ਟੀ ਕੀਤੀ ਕਿ ਨੀਲਮ ਨੂੰ ਬੇਰਹਿਮੀ ਨਾਲ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਲਈ ਕੈਂਡਲ ਮਾਰਚ ਵੀ ਕੱਢਿਆ ਸੀ।