Lumpy Skin Disease- ਇਕੋ ਜ਼ਿਲ੍ਹੇ `ਚ 123 ਪਸ਼ੂਆਂ ਦੀ ਹੋਈ ਮੌਤ
ਵਿਭਾਗ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਚਮੜੀ ਦੀ ਬਿਮਾਰੀ ਨਾਲ ਨਜਿੱਠਣ ਲਈ ਵਿਭਾਗ ਵੱਲੋਂ 49 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚੋਂ ਹਰੇਕ ਵਿਚ ਇੱਕ ਵੈਟਰਨਰੀ ਅਫਸਰ ਸ਼ਾਮਲ ਹੁੰਦਾ ਹੈ।
ਚੰਡੀਗੜ: ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ 123 ਪਸ਼ੂਆਂ ਦੀ ਚਮੜੀ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਵੱਖ-ਵੱਖ ਟੀਮਾਂ ਹੁਣ ਤੱਕ ਇਸ ਬਿਮਾਰੀ ਤੋਂ ਪੀੜਤ 3168 ਪਸ਼ੂਆਂ ਦਾ ਇਲਾਜ ਕਰ ਚੁੱਕੀਆਂ ਹਨ। ਇਹ ਜਾਣਕਾਰੀ ਲੋਕ ਸੂਚਨਾ ਅਫ਼ਸਰ, ਦਫ਼ਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ ਵੱਲੋਂ ਸੰਜੀਵ ਗੋਇਲ ਸਕੱਤਰ ਜਾਗੋ ਗ੍ਰਹਿ ਨੇ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ। ਪਸ਼ੂਆਂ ਦੀ ਮੌਤ ਦਾ ਉਪਰੋਕਤ ਅੰਕੜਾ ਅਧਿਕਾਰਤ ਤੌਰ 'ਤੇ ਦਰਜ ਹੈ। ਇਸ ਤੋਂ ਇਲਾਵਾ ਜਿਹੜੇ ਲਾਵਾਰਿਸ ਪਸ਼ੂਆਂ ਦੀ ਬਿਮਾਰੀ ਕਾਰਨ ਮੌਤ ਹੋਈ ਹੈ ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਵਿਭਾਗ ਨੇ 49 ਟੀਮਾਂ ਬਣਾਈਆਂ
ਜਾਣਕਾਰੀ ਵਿਚ ਵਿਭਾਗ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਚਮੜੀ ਦੀ ਬਿਮਾਰੀ ਨਾਲ ਨਜਿੱਠਣ ਲਈ ਵਿਭਾਗ ਵੱਲੋਂ 49 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਟੀਮਾਂ ਵਿੱਚੋਂ ਹਰੇਕ ਵਿਚ ਇੱਕ ਵੈਟਰਨਰੀ ਅਫਸਰ ਸ਼ਾਮਲ ਹੁੰਦਾ ਹੈ। ਜ਼ਿਲੇ 'ਚ ਚਮੜੀ ਦੀ ਬੀਮਾਰੀ ਦੇ ਇਲਾਜ ਲਈ ਹੁਣ ਤੱਕ ਕੁੱਲ 3 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ, ਜਿਸ ਦਾ ਵੇਰਵਾ ਅਜੇ ਤੱਕ ਨਹੀਂ ਦਿੱਤਾ ਗਿਆ।
ਲਾਵਾਰਿਸ ਜਾਨਵਰਾਂ ਦੀ ਮੌਤ ਦਾ ਕੋਈ ਅੰਕੜਾ ਨਹੀਂ
ਡਿਪਟੀ ਡਾਇਰੈਕਟਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 123 ਪਸ਼ੂਆਂ ਦੀ ਚਮੜੀ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਜੇਕਰ ਬਠਿੰਡਾ ਸ਼ਹਿਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਚਮੜੀ ਦੀ ਬਿਮਾਰੀ ਕਾਰਨ ਘੁੰਮ ਰਹੀਆਂ ਬੇਸਹਾਰਾ ਗਾਵਾਂ ਦੀਆਂ ਮੌਤਾਂ ਦਾ ਸਹੀ ਹਿਸਾਬ ਲਗਾਇਆ ਜਾਵੇ ਤਾਂ ਇਹ ਅੰਕੜੇ ਕਈ ਗੁਣਾ ਵੱਧ ਹੋ ਸਕਦੇ ਹਨ ਕਿਉਂਕਿ ਇਕੱਲੇ ਬਠਿੰਡਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਹੀ ਬਹੁਤ ਸਾਰੀਆਂ ਬੇਸਹਾਰਾ ਗਾਵਾਂ ਗਲੇ-ਸੜੇ ਹਨ।