Machhiwara News: ਮਾਛੀਵਾੜਾ ਦੇ ਨੌਜਵਾਨ ਦੀ ਅਮਰੀਕਾ `ਚ ਸੜਕ ਹਾਦਸੇ `ਚ ਮੌਤ; ਪਰਿਵਾਰ `ਤੇ ਟੁੱਟਿਆ ਦੁੱਖਾਂ ਦਾ ਪਹਾੜ
Machhiwara News: ਅੱਜ ਅਮਰੀਕਾ ਤੋਂ ਦੁਖਦਈ ਖ਼ਬਰ ਸਾਹਮਣੇ ਆਈ ਜਦੋਂ ਉੱਥੇ ਮਾਛੀਵਾੜਾ ਸਾਹਿਬ ਦੇ ਨੌਜਵਾਨ ਬਲਜੋਤ ਸਿੰਘ (23) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
Machhiwara News (ਵਰੁਣ ਕੌਸ਼ਲ): ਅੱਜ ਅਮਰੀਕਾ ਤੋਂ ਦੁਖਦਈ ਖ਼ਬਰ ਸਾਹਮਣੇ ਆਈ ਜਦੋਂ ਉੱਥੇ ਮਾਛੀਵਾੜਾ ਸਾਹਿਬ ਦੇ ਨੌਜਵਾਨ ਬਲਜੋਤ ਸਿੰਘ (23) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇੱਥੋਂ ਦੀ ਐੱਨਆਰਆਈ ਕਾਲੋਨੀ ਦੇ ਵਾਸੀ ਨਗਿੰਦਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਬਲਜੋਤ ਸਿੰਘ ਨੂੰ 2019 ਵਿਚ ਚੰਗੇ ਭਵਿੱਖ ਲਈ ਵਿਦੇਸ਼ ਅਮਰੀਕਾ ਭੇਜਿਆ ਸੀ। ਬਲਜੋਤ ਸਿੰਘ ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਵਿੱਚ ਰਹਿ ਰਿਹਾ ਸੀ ਜਿੱਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।
ਕੱਲ੍ਹ ਉਹ ਟਰਾਲਾ ਲੈ ਕੇ ਸਮਾਨ ਦੀ ਢੋਆ-ਢੁਆਈ ਕਰਨ ਲਈ 1-80 ਵੋਮਿੰਗ ਰਾਅਲਿਨਸ ਰੋਡ ਉਤੇ ਜਾ ਰਿਹਾ ਸੀ ਕਿ ਅਚਾਨਕ ਟਰਾਲਾ ਸੰਤੁਲਨ ਗੁਆ ਬੈਠਾ ਤੇ ਪਲਟ ਗਿਆ। ਇਸ ਹਾਦਸੇ ਵਿਚ ਚਾਲਕ ਬਲਜੋਤ ਸਿੰਘ ਟਰਾਲੇ ਤੋਂ ਬਾਹਰ ਡਿੱਗ ਗਿਆ ਜਿਸ ਉੱਪਰ ਟਰਾਲਾ ਪਲਟ ਗਿਆ ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਅੱਜ ਤੜਕੇ ਜਿਉਂ ਹੀ ਮਾਪਿਆਂ ਨੂੰ ਆਪਣੇ ਨੌਜਵਾਨ ਇਕਲੌਤੇ ਪੁੱਤਰ ਦੀ ਖ਼ਬਰ ਮਿਲੀ ਤਾਂ ਘਰ ਵਿਚ ਸੋਗ ਦੀ ਲਹਿਰ ਫੈਲ ਗਈ।
ਮਾਛੀਵਾੜਾ ਸਾਹਿਬ ਵਿੱਚ ਰਹਿੰਦੇ ਮ੍ਰਿਤਕ ਬਲਜੋਤ ਸਿੰਘ ਦੇ ਮਾਪਿਆਂ ਤੋਂ ਇਲਾਵਾ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਨੌਜਵਾਨ ਦੀ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਬਲਜੋਤ ਸਿੰਘ ਦੇ ਵਿਆਹ ਬਾਰੇ ਸੋਚਿਆ ਜਾ ਰਿਹਾ ਸੀ ਪਰ ਅਜਿਹੀ ਅਣਹੋਣੀ ਵਾਪਰੀ ਕਿ ਸਭ ਕੁਝ ਤਬਾਹ ਹੋ ਗਿਆ। ਨੌਜਵਾਨ ਬਲਜੋਤ ਸਿੰਘ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਵਿਦੇਸ਼ਾਂ ਵਿਚ ਰਹਿੰਦੇ ਆਪਣੀਆਂ ਔਲਾਦਾਂ ਲਈ ਮਾਪੇ ਚਿੰਤਤ ਦਿਖਾਈ ਦੇ ਰਹੇ ਹਨ।
ਹਾਦਸੇ ਤੋਂ ਤਿੰਨ ਦਿਨ ਪਹਿਲਾਂ ਬਲਜੋਤ ਸਿੰਘ ਨੇ 15 ਸਤੰਬਰ ਨੂੰ ਆਪਣਾ ਜਨਮਦਿਨ ਖੁਸ਼ੀ ਨਾਲ ਮਨਾਇਆ ਸੀ। ਉਹ ਬਹੁਤ ਖੁਸ਼ ਸੀ ਅਤੇ ਉਸਨੇ ਆਪਣੇ ਜਨਮਦਿਨ ਦੀ ਖੁਸ਼ੀ ਦੋ ਦਿਨ ਦੋਸਤਾਂ ਨਾਲ ਮਨਾਈ ਪਰ ਜਿਉਂ ਹੀ ਉਹ ਟਰਾਲੇ ਉਤੇ ਕੰਮ ਲਈ ਗਿਆ ਤਾਂ ਇਹ ਭਾਣਾ ਵਾਪਰ ਗਿਆ। ਮ੍ਰਿਤਕ ਬਲਜੋਤ ਸਿੰਘ ਜਿੱਥੇ ਆਪਣੇ ਮਾਪਿਆਂ ਦਾ ਇਕਲੌਤਾ ਕਮਾਊ ਪੁੱਤ ਸੀ ਉੱਥੇ ਹੁਣ ਉਸਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮ੍ਰਿਤਕ ਬਲਜੋਤ ਸਿੰਘ ਦੇ ਮਾਮਾ ਧਰਮਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮਾਪੇ ਇੱਥੇ ਬੇਰੁਜ਼ਗਾਰੀ ਕਾਰਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ ਪਰ ਉੱਥੇ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਹ ਬਹੁਤ ਦੁਖਦਈ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਹਾਲਾਤ ਬਣ ਗਏ ਹਨ ਉਸ ਤਹਿਤ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਬਜਾਏ ਇੱਥੇ ਦੇਸ਼ ਵਿਚ ਰੱਖ ਕੇ ਉਨ੍ਹਾਂ ਦਾ ਭਵਿੱਖ ਸੰਵਾਰਨ।
ਇਹ ਵੀ ਪੜ੍ਹੋ : Punjab Roadways Strike: ਬੱਸ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ; ਪੀਆਰਟੀਸੀ ਤੇ ਪਨਬੱਸ ਯੂਨੀਅਨ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ