ਤੂੰ ਚੱਲ, ਮੈਂ ਆਇਆ... ਮਨਪ੍ਰੀਤ ਬਾਦਲ ਦੇ ਭਾਜਪਾ ’ਚ ਜਾਣ ਤੋਂ ਬਾਅਦ ਅਗਲਾ ਕਾਂਗਰਸੀ ਹੋਵੇਗਾ ਕੌਣ?
ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਠੀਕ ਪਹਿਲਾਂ ਪਟਿਆਲਾ ਦੇ ਕੇਂਦਰੀ ਜੇਲ੍ਹ ’ਚ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ।
Punjab Congress News: ਪੰਜਾਬ ’ਚ ਕਾਂਗਰਸ ਦੇ ਦਿੱਗਜ਼ ਆਗੂਆਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਹੁਣ ਨਵੀਂ ਸਿਆਸੀ ਚਰਚਾ ਛਿੜ ਗਈ ਹੈ। ਦੱਸ ਦੇਈਏ ਕਿ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਪਟਿਆਲਾ ਦੇ ਕੇਂਦਰੀ ਜੇਲ੍ਹ ’ਚ ਮੁਲਾਕਾਤ ਕੀਤੀ ਸੀ।
ਬੀਤੇ ਕੱਲ੍ਹ 18 ਜਨਵਰੀ ਨੂੰ ਕਾਂਗਰਸ ਤੋਂ ਤੁਰੰਤ ਅਸਤੀਫ਼ਾ ਦੇਣ ਉਪਰੰਤ ਭਾਜਪਾ ’ਚ ਸ਼ਾਮਲ ਹੋ ਗਏ ਸਨ। ਹੁਣ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ’ਚ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ ਬਾਰੇ ਵੀ ਸਿਆਸੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਜੇਲ੍ਹ ਤੋਂ ਬਾਹਰ ਆਉਮ ਮਗਰੋਂ ਕਾਂਗਰਸ ’ਚ ਹੀ ਦੁਬਾਰਾ ਸਰਗਰਮ ਹੋਣਗੇ ਜਾਂ ਉਨ੍ਹਾਂ ਨੇ ਵੀ ਕੋਈ ਵੱਡਾ ਧਮਾਕਾ ਕਰਨ ਦਾ ਮਨ ਬਣਾ ਲਿਆ ਹੈ?
ਹਾਲਾਂਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਆਪਣੇ ਭਾਸ਼ਣ ’ਚ ਸਿੱਧੂ ਨੂੰ ਪੰਜਾਬ ਕਾਂਗਰਸ ’ਚ ਵੱਡਾ ਅਹੁਦਾ ਦਿੱਤੇ ਜਾਣ ਦੀ ਗੱਲ ਕਹੀ ਹੈ।
ਸਿੱਧੂ ਨੂੰ ਨਹੀਂ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਆਮ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਮੰਨ ਰਹੇ ਸਨ। ਇਸ ਤੋਂ ਬਾਅਦ ਸੂਬੇ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਜਾਪਦਾ ਸੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ, ਪਰ ਅਜਿਹਾ ਨਹੀਂ ਹੋਇਆ।
ਸਾਬਕਾ CM ਚੰਨੀ ਅਤੇ ਸਿੱਧੂ ਵਿਚਾਲੇ ਰਿਹਾ 36 ਦਾ ਆਂਕੜਾ
ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀ ਵਾਂਗਡੋਰ ਸੰਭਾਲ ਦਿੱਤੀ ਗਈ। ਇਸ ਦੌਰਾਨ ਵੀ ਸਿੱਧੂ ਅਤੇ CM ਚੰਨੀ ਵਿਚਾਲੇ ਅਣਬਣ ਹੀ ਰਹੀ। ਹੋਰ ਤਾਂ ਹੋਰ ਚੰਨੀ ਦੇ ਫ਼ੈਸਲਿਆਂ ਤੋਂ ਨਰਾਜ਼ ਹੋ ਸਿੱਧੂ ਰੁੱਸ ਕੇ ਪਟਿਆਲਾ ਜਾ ਬੈਠੇ ਸਨ, ਉਸ ਸਮੇਂ ਵੀ ਕਈ ਆਗੂਆਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਤੱਤਕਾਲੀ CM ਚੰਨੀ ਅਤੇ ਉਨ੍ਹਾਂ ਵਿਚਾਲੇ ਸੁਲਾਹ ਕਰਵਾਈ ਸੀ।
ਹਾਈ ਕਮਾਨ ਨੇ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਿਆ
ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਾਰਟੀ ਦਾ ਹਾਰ ਦਾ ਠੀਕਰਾ ਸਿੱਧੂ ਦੇ ਸਿਰ ਭੰਨਦਿਆਂ ਹਾਈ ਕਮਾਨ ਵਲੋਂ ਉਨ੍ਹਾਂ ਤੋਂ ਪ੍ਰਧਾਨਗੀ ਦੀ ਕੁਰਸੀ ਵੀ ਖੋਹ ਲਈ ਗਈ ਸੀ। ਹੁਣ ਮਨਪ੍ਰੀਤ ਸਿੰਘ ਬਾਦਲ ਵਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਠੀਕ ਪਹਿਲਾਂ ਸਿੱਧੂ ਨਾਲ ਮੁਲਾਕਾਤ ਕੀਤੇ ਜਾਣ ਬਾਬਤ ਸਿਆਸੀ ਪੰਡਤਾਂ ਦੁਆਰਾ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਸ਼ਾਮਤ, ਸਰਕਾਰ ਵਲੋਂ 60 ਹਜ਼ਾਰ ਲੋਕਾਂ ਦੀ ਪਹਿਚਾਣ!