Samrala Fire News/ਵਰੁਣ ਕੋਸ਼ਲ: ਕੂੰਮਕਲਾਂ ਅਧੀਨ ਪੈਂਦੇ ਸਤਲੁਜ ਦਰਿਆ ਕਿਨਾਰੇ ਪਿੰਡ ਮੰਡ ਚੌਂਤਾ ਦੇ ਜੰਗਲੀ ਖੇਤਰ ਵਿਚ ਅੱਗ ਲੱਗ ਗਈ ਜਿਸ ਕਾਰਨ ਕਈ ਜਾਨਵਰਾਂ ਦੇ ਮਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 340 ਏਕਡ਼ ਤੋਂ ਵੱਧ ਫੈਲੇ ਇਸ ਜੰਗਲ ਵਿਚ ਦੋ ਦਿਨ ਪਹਿਲਾਂ ਅੱਗ ਲੱਗੀ ਸੀ ਜਿਸ ਨੂੰ ਬੁਝਾ ਲਿਆ ਗਿਆ ਸੀ ਅਤੇ ਅੱਜ ਸਵੇਰੇ ਇਹ ਅੱਗ ਫਿਰ ਫੈਲ ਗਈ ਜਿਸ ਨੇ ਜੰਗਲ ਦਾ ਕਾਫ਼ੀ ਰਕਬਾ ਆਪਣੀ ਲਪੇਟ ’ਚ ਲੈ ਲਿਆ। ਵਣ ਰੇਂਜ ਅਫ਼ਸਰ ਮੋਹਣ ਸਿੰਘ ਨੇ ਦੱਸਿਆ ਕਿ ਮੰਡ ਚੌਂਤਾ ਦਾ ਜੰਗਲ 340 ਏਕਡ਼ ਵਿਚ ਫੈਲਿਆ ਹੋਇਆ ਹੈ ਅਤੇ ਜੰਗਲ ਨੇਡ਼੍ਹੇ ਲੱਗਦੇ ਕਿਸੇ ਕਿਸਾਨ ਨੇ ਆਪਣੇ ਖੇਤਾਂ ਦੇ ਨਾਡ਼ ਨੂੰ ਅੱਗ ਲਗਾਈ ਜੋ ਕਿ ਜੰਗਲ ਵਿਚ ਫੈਲ ਗਈ। 


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅਤੇ ਵਣ ਵਿਭਾਗ ਦੇ ਪਾਣੀ ਦੇ ਕੈਂਟਰਾਂ ਨਾਲ ਇਸ ਅੱਗ ’ਤੇ ਲੱਗਭਗ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੱਗ ਨਾਲ ਜੰਗਲ ਦਾ ਕਰੀਬ 30 ਤੋਂ 40 ਏਕਡ਼ ਖੇਤਰ ਪ੍ਰਭਾਵਿਤ ਹੋਇਆ ਅਤੇ ਬਾਕੀ ਜਦੋਂ ਅੱਗ ਪੂਰੀ ਤਰ੍ਹਾਂ ਬੁਝ ਜਾਵੇਗੀ ਤਾਂ ਹੀ ਪਤਾ ਲੱਗੇਗਾ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਸਬੰਧੀ ਜਦੋਂ ਜ਼ਿਲਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅੱਗ ਜਮੀਨ ਪੱਧਰ ਤੱਕ ਹੀ ਫੈਲੀ ਹੋਈ ਸੀ ਜਿਸ ਦਾ ਦਰੱਖਤਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਜੰਗਲੀ ਜਾਨਵਰ ਦੇ ਮਰਨ ਦੀ ਖ਼ਬਰ ਤਾਂ ਨਹੀਂ ਹੈ ਪਰ ਜਦੋਂ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇਗਾ ਉਸ ਤੋਂ ਬਾਅਦ ਸਾਰੇ ਖੇਤਰ ਦਾ ਦੌਰਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਜੰਗਲੀ ਜਾਨਵਰ ਪ੍ਰਭਾਵਿਤ ਹੋਏ।


 ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਅੱਗ ਬੁਝਾਉਣ ਲੱਗੀਆਂ ਹੋਈਆਂ ਹਨ ਅਤੇ ਕਿਤੇ-ਕਿਤੇ ਦੁਬਾਰਾ ਅੱਗੇ ਸੁਲਗਦੀ ਹੈ ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪਹਿਲਾਂ ਪੂਰੀ ਤਰ੍ਹਾਂ ਅੱਗ ਨੂੰ ਬੁਝਾ ਲਿਆ ਜਾਵੇ। ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਸ ਜੰਗਲ ਵਿਚ ਭਾਰੀ ਮਾਤਰਾ ਵਿਚ ਰਹਿੰਦੇ ਜੰਗਲੀ ਜਾਨਵਰ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਖਾਈ ਦਿੱਤੇ। ਅੱਗ ਦੀ ਚਪੇਟ ’ਚ ਇੱਕ ਜੰਗਲੀ ਜਾਨਵਰ ਵੀ ਪੂਰੀ ਤਰ੍ਹਾਂ ਝੁਲਸ ਕੇ ਮਰ ਗਿਆ।